ਮੋਗਾ, 23 ਜੁਲਾਈ,ਬੋਲੇ ਪੰਜਾਬ ਬਿਊਰੋ;
ਮੋਗਾ ਜ਼ਿਲ੍ਹੇ ’ਚ ਹੋਈ ਭਾਰੀ ਬਾਰਿਸ਼ ਨੇ ਲੋਕਾਂ ਦੀ ਜ਼ਿੰਦਗੀ ਉਲਟ ਕੇ ਰੱਖ ਦਿੱਤੀ ਹੈ। ਸਿੰਘਾਂਵਾਲਾ ਪਿੰਡ ਦੀਆਂ ਗਲੀਆਂ, ਘਰ ਤੇ ਖੇਤ ਪਾਣੀ ਨਾਲ ਭਰ ਗਏ ਹਨ। ਇਨ੍ਹਾਂ ਹਾਲਾਤਾਂ ਦਾ ਮੁੱਖ ਕਾਰਨ ਐਨਐਚ 105-ਬੀ ਰੋਡ ਬਣਾਉਣ ਦੌਰਾਨ ਬਰਸਾਤੀ ਪਾਣੀ ਲਈ ਢੰਗ ਦਾ ਨਿਕਾਸ ਨਾ ਹੋਣਾ ਦੱਸਿਆ ਜਾ ਰਿਹਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਵੀਂ ਤਿਆਰ ਹੋਈ ਰੋਡ ਦੀ ਉਚਾਈ ਇੰਨੀ ਵਧਾ ਦਿੱਤੀ ਗਈ ਹੈ ਕਿ ਉਹ ਪਿੰਡ ਲਈ ਇੱਕ ਮਿੱਟੀ ਦੀ ਕੰਧ ਵਰਗੀ ਬਣ ਗਈ ਹੈ। ਇਹ ਰੋਡ ਪਾਣੀ ਦੇ ਕੁਦਰਤੀ ਰਸਤੇ ਨੂੰ ਰੋਕ ਰਹੀ ਹੈ, ਜਿਸ ਨਾਲ ਪਾਣੀ ਪਿੰਡ ਅੰਦਰ ਹੀ ਰੁਕ ਗਿਆ ਹੈ।ਨਤੀਜਾ ਇਹ ਹੋਇਆ ਕਿ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਤੇ ਕਈਆਂ ਦੀਆਂ ਕੰਧਾਂ ਵੀ ਦਰਕ ਗਈਆਂ।
ਕਿਸਾਨਾਂ ਅਤੇ ਮਜ਼ਦੂਰਾਂ ਨੇ ਦਰਦ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਖੇਤਾਂ ਦੀਆਂ ਫਸਲਾਂ ਪਾਣੀ ਹੇਠਾਂ ਆ ਗਈਆਂ ਹਨ। ਘਰਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ।
ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਰੋਡ ’ਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਲੀਆਂ ਜਾਂ ਹੋਰ ਠੋਸ ਪ੍ਰਬੰਧ ਕੀਤੇ ਜਾਣ। ਪਿੰਡ ਦੇ ਵੱਡੇ ਬੁਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਪਾਣੀ ਅਪਣੇ ਆਪ ਖੇਤਾਂ ਰਾਹੀਂ ਨਿਕਲ ਜਾਂਦਾ ਸੀ, ਪਰ ਹੁਣ ਇਹ ਨਵੀਂ ਰੋਡ ਰੋਕ ਬਣ ਗਈ ਹੈ।












