ਪਿੰਡ ਧਰਮਗੜ੍ਹ ਮੋਹਾਲੀ ਦੀ ਨਵੀਂ ਬਣ ਰਹੀ ਪੰਚਾਇਤ ਵਿੱਚ ਪੰਚਾਇਤੀ ਸ਼ਾਮਲਾਟ ਜਮੀਨ ਦੱਬਣ ਵਾਲੇ ਦਾਗੀ ਵਿਅਕਤੀਆਂ ਦੇ ਪੇਪਰ ਰੱਦ ਕਰਾਉਣ ਦਾ ਮਾਮਲਾ ਫਿਰ ਭਖਿਆ
ਮੋਹਾਲੀ, 25 ਜੁਲਾਈ ,ਬੋਲੇ ਪੰਜਾਬ ਬਿਊਰੋ:
ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ’ ਤੇ ਪਿੰਡ ਧਰਮਗੜ੍ਹ ਤੋਂ 75 ਸਾਲਾ ਮਹਿਲਾ ਗੁਰਮੀਤ ਕੌਰ ਪਤਨੀ ਸਵ: ਕੇਸਰ ਸਿੰਘ ਪਰਿਵਾਰ ਸਮੇਤ ਪਹੁੰਚੇ ਤੇ ਆਪਣੇ ਪਿੰਡ ਦੇ ਹੀ ਵਿਅਕਤੀਆਂ ਵਿਰੁੱਧ ਮਾਨਯੋਗ ਅਦਾਲਤ ਵਿੱਚ 3 ਸਾਲ ਕੇਸ ਲੜ ਕੇ ਰਸਤਾ ਲੈਣ ਦੀ ਹੱਡਬੀਤੀ ਸੁਣਾਈ। ਪੀੜਿਤ ਮਹਿਲਾ ਨੇ ਕਿਹਾ ਕਿ ਹਰਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ, ਕੁਲਜਿੰਦਰ ਕੌਰ ਪਤਨੀ ਮਨਜਿੰਦਰ ਸਿੰਘ ਆਦਿ ਤੋਂ ਮਾਨਯੋਗ ਅਦਾਲਤ ਵਿੱਚ ਕੇਸ ਲੜ ਕੇ ਆਪਣੇ ਘਰ ਦਾ ਰਸਤਾ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਵਿਅਕਤੀ ਜੋ ਖੁਦ ਪਿੰਡ ਦੀ ਸ਼ਾਮਲਟ ਜਮੀਨਾਂ ਦੱਬ ਸਕਦੇ ਹਨ, ਅਜਿਹੇ ਲੋਕਾਂ ਤੋਂ ਪਿੰਡ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਮੇਰੇ ਘਰ ਨੂੰ ਸ਼ਾਮਲਾਟ ਜਮੀਨ ਵਿੱਚੋਂ ਜਾਂਦਾ ਰਸਤਾ ਮੈਂ ਬੜੀ ਮੁਸ਼ਕਿਲ ਨਾਲ ਛੁਡਵਾਇਆ ਹੈ। ਦੱਸਣ ਯੋਗ ਕਿ ਪਹਿਲਾਂ ਵੀ ਇਹਨਾਂ ਦੇ ਸਹੁਰੇ ਗੁਰਮੇਲ ਸਿੰਘ ਪੁੱਤਰ ਹਾਕਮ ਸਿੰਘ ਨੇ ਪੰਚਾਇਤੀ ਰਿਕਾਰਡ ਵਿੱਚ ਆਪਣੀ ਪਤਨੀ ਸੁਖਦਰਸ਼ਨ ਕੌਰ ਦਾ ਨਾਮ ਕਾਸ਼ਤਕਾਰਾਂ ਦੇ ਖਾਨੇ ਵਿੱਚ ਦਰਜ ਕਰਵਾ ਦਿੱਤਾ ਸੀ। ਉਹ ਵੀ ਅਸੀਂ ਰੱਦ ਕਰਵਾਇਆ ਸੀ।
ਇਸ ਮਾਮਲੇ ਤੇ ਬੋਲਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਰਹਿੰਦੀਆਂ ਪੰਚਾਇਤੀ ਚੋਣਾਂ 27 ਜੁਲਾਈ ਨੂੰ ਹੋ ਰਹੀਆਂ ਹਨ। ਅਸੀਂ ਮਾਨਯੋਗ ਚੋਣ ਕਮਿਸ਼ਨ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਪ੍ਰੈਸ ਰਾਹੀਂ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਤੇ ਪਹਿਲ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇ। ਅਸੀਂ ਲਿਖਤੀ ਦਰਖਾਸਤ ਚੋਣ ਕਮਿਸ਼ਨ ਪੰਜਾਬ ਨੂੰ ਵੀ ਭੇਜੀ ਹੈ। ਜਿਨ੍ਹਾਂ ਨੇ ਸ਼ਾਮਲਾਟ ਪੰਚਾਇਤੀ ਜਮੀਨਾਂ ਦੱਬੀਆਂ ਹੋਈਆਂ ਹਨ ਤੇ ਇਸ ਪਰਿਵਾਰ ਨੇ ਕੇਸ ਲੜ ਕੇ ਛੁਡਵਾਈਆਂ ਹਨ। ਉਹ ਮੁੜਕੇ ਪੰਚਾਇਤ ਮੈਂਬਰ ਬਣਕੇ ਖੈਰ ਨਹੀਂ ਗੁਜ਼ਾਰਨਗੇ। ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਹਾਂ ਕਿ ਅਜਿਹੇ ਦਾਗੀ ਲੋਕਾਂ ਨੂੰ ਪਿੰਡ ਦੀ ਪੰਚਾਇਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਲਈ ਇਨਾਂ ਦੇ ਪੇਪਰ ਰੱਦ ਕੀਤੇ ਜਾਣ। ਜੇ ਕੋਈ ਪੰਚ, ਸਰਪੰਚ ਦਾਗੀ ਬਣ ਵੀ ਜਾਂਦਾ ਹੈ, ਉਸ ਤੇ ਤੁਰੰਤ ਕਾਰਵਾਈ ਕਰਕੇ ਉਸ ਨੂੰ ਰੱਦ ਕੀਤਾ ਜਾਵੇ।
ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਪਰਮਜੀਤ ਕੌਰ, ਰੁਪਿੰਦਰ ਕੌਰ, ਦਵਿੰਦਰ ਸਿੰਘ, ਕਰਮਜੀਤ ਸਿੰਘ, ਦਲਵੀਰ ਸਿੰਘ, ਹਰਵਿੰਦਰ ਕੋਹਲੀ ਆਦਿ ਮੌਜੂਦ ਸਨ।












