ਫਰਾਂਸ ਵਾਂਗ ਭਾਰਤ ਵੀ ਫ਼ਲਸਤੀਨ ਨੂੰ ਇਕ ਆਜ਼ਾਦ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ ਕਰੇ – ਲਿਬਰੇਸ਼ਨ

ਪੰਜਾਬ

ਮਾਨਸਾ,26 ਜੁਲਾਈ ਬੋਲੇ ਪੰਜਾਬ ਬਿਊਰੋ;
ਫਰਾਂਸ ਦੀ ਸਰਕਾਰ ਵਲੋਂ ਸਤੰਬਰ ਮਹੀਨੇ ਵਿੱਚ ਫ਼ਲਸਤੀਨ ਨੂੰ ਇਕ ਆਜ਼ਾਦ ਦੇਸ਼ ਵਜੋਂ ਮਾਨਤਾ ਦੇਣ ਦੇ ਐਲਾਨ ਦਾ ਸਵਾਗਤ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕਿਹਾ ਹੈ ਕਿ ਫਰਾਂਸ ਦੇ ਇਸ ਐਲਾਨ ਦੀ ਤਰਜ਼ ‘ਤੇ ਗਾਜ਼ਾ ਵਿੱਚ ਖ਼ੁਰਾਕ ਲੈਣ ਲਈ ਕਤਾਰਾਂ ਵਿੱਚ ਲੱਗੇ ਬੇਕਸੂਰ ਫ਼ਲਸਤੀਨੀ ਲੋਕਾਂ ਦੇ ਇਜ਼ਰਾਇਲੀ ਫ਼ੌਜੀਆਂ ਵਲੋਂ ਲਗਾਤਾਰ ਜਾਰੀ ਕਤਲੇਆਮ ਨੂੰ ਰੁਕਵਾਉਣ ਲਈ ਭਾਰਤ ਸਰਕਾਰ ਨੂੰ ਵੀ ਫਲਸਤੀਨ ਨੂੰ ਮਾਨਤਾ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।
ਇਹ ਗੱਲ ਅੱਜ ਇਥੇ ਹੋਈ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਹੀ। ਉਨ੍ਹਾਂ ਕਿਹਾ ਕਿ ਜੋ ਜ਼ੁਲਮ ਪਿਛਲੇ ਇੱਕੀ ਮਹੀਨਿਆਂ ਤੋਂ ਅਮਰੀਕਾ ਦੀ ਖੁੱਲ੍ਹੀ ਮੱਦਦ ਨਾਲ ਇਜ਼ਰਾਈਲ ਗਾਜ਼ਾ ਪੱਟੀ ਦੇ ਛੋਟੇ ਜਿਹੇ ਖਿੱਤੇ ਉਤੇ ਢਾਹ ਰਿਹਾ ਹੈ ਉਹ ਬਰਦਾਸ਼ਤ ਦੀ ਹੱਦ ਤੋਂ ਬਾਹਰ ਹਨ। ਉਹ ਪੂਰੀ ਤਰ੍ਹਾਂ ਘੇਰਾਬੰਦੀ ਦੀਆਂ ਹਾਲਤਾਂ ਵਿੱਚ ਲੱਖਾਂ ਬੱਚਿਆਂ ਔਰਤਾਂ ਤੇ ਬਜ਼ੁਰਗਾਂ ਨੂੰ ਬੰਬਾਂ ਗੋਲਿਆਂ ਦੇ ਨਾਲ ਨਾਲ ਰਾਸ਼ਨ ਦੀ ਸਪਲਾਈ ਰੋਕ ਕੇ ਭੁੱਖ ਨਾਲ ਮਾਰ ਰਿਹਾ ਹੈ। ਦੁਨੀਆਂ ਭਰ ਦੇ ਸੰਵੇਦਨਸ਼ੀਲ ਲੋਕ ਲੋੜੀਂਦੀਆਂ ਦਵਾਈਆਂ ਅਤੇ ਖੁਰਾਕ ਦੀ ਅਣਹੋਂਦ ਵਿੱਚ ਤਿੱਲ ਤਿੱਲ ਕਰਕੇ ਮਰ ਰਹੇ ਫ਼ਲਸਤੀਨੀ ਬੱਚਿਆਂ ਤੇ ਬੀਮਾਰਾਂ ਬਾਰੇ ਜਾਨ ਤਲੀ ਤੇ ਰੱਖ ਕੇ ਕੁਝ ਦਲੇਰ ਰਿਪੋਰਟਰਾਂ ਵਲੋਂ ਚੋਰੀ ਛੁਪੇ ਬਾਹਰ ਭੇਜੀਆਂ ਤਸਵੀਰਾਂ ਤੇ ਰਿਪੋਰਟ ਵੇਖ ਲ਼ਹੂ ਦੇ ਅਥਰੂ ਰੋ ਰਹੀ ਹੈ। ਇਹ ਫ਼ਲਸਤੀਨੀ ਕੌਮ ਦਾਮਿਥ ਕੇ ਕੀਤਾ ਜਾ ਰਿਹਾ ਨਸਲਘਾਤ ਹੈ। ਅਜਿਹੀ ਹਾਲਤ ਵਿੱਚ ਭਾਰਤ ਵਰਗੇ ਉਸ ਦੇਸ਼ ਦਾ ਜੋ ਸੰਸਾਰ ਗੁੱਟ ਨਿਰਲੇਪ ਲਹਿਰ ਦੇ ਆਗੂ ਵਜੋਂ ਹਮਲਿਆਂ ਤੇ ਜੰਗਾਂ ਖਿਲਾਫ ਕੌਮਾਂਤਰੀ ਮੰਚਾਂ ਉਤੇ ਡੱਟ ਕੇ ਲੜਦਾ ਬੋਲਦਾ ਰਿਹਾ ਹੈ, ਖਾਮੋਸ਼ੀ ਧਾਰਨ ਕਰੀ ਰੱਖਣਾ ਬੇਹੱਦ ਸ਼ਰਮਨਾਕ ਹੈ।
ਲਿਬਰੇਸ਼ਨ ਆਗੂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਟਰੰਪ ਸਰਕਾਰ ਦੇ ਮੂੰਹ ਵੱਲ ਵੇਖਣ ਦੀ ਬਜਾਏ ਗਾਜ਼ਾ ਪੱਟੀ ਵਿੱਚ ਹੋ ਰਹੇ ਮਨੁੱਖਤਾ ਦੇ ਘਾਣ ਖਿਲਾਫ ਖੁੱਲ ਕੇ ਆਜ਼ਾਦ ਸਟੈਂਡ ਲੈਣਾ ਚਾਹੀਦਾ ਹੈ। ਅਸੀਂ ਮੰਗ ਕਰਦੇ ਹਾਂ ਕਿ ਮੋਦੀ ਸਰਕਾਰ ਇਜ਼ਰਾਇਲ ਦੀ ਕੱਟੜ ਯਹੂਦੀਵਾਦੀ ਸਰਕਾਰ ਨਾਲੋਂ ਸਾਰੇ ਸਬੰਧ ਤੋੜੇ ਅਤੇ ਫ਼ਲਸਤੀਨ ਨੂੰ ਇਕ ਆਜ਼ਾਦ ਦੇਸ਼ ਵਜੋਂ ਤੁਰੰਤ ਮਾਨਤਾ ਦੇਣ ਦਾ ਐਲਾਨ ਕਰੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।