ਔਸਟੀ ਪਲਾਟਾਂ ਵਾਸਤੇ ਪੁੱਡਾ ਦਫਤਰ ਦੇ ਅੱਜ ਵੀ ਮਾਰ ਰਹੇ ਹਨ ਪੀੜਿਤ ਕਿਸਾਨ ਗੇੜੇ, ਨਹੀਂ ਫੜ ਰਿਹਾ ਕੋਈ ਬਾਂਹ: ਬਲਵਿੰਦਰ ਸਿੰਘ ਕੁੰਭੜਾ.
ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਦੇ ਸਤਾਏ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਸਫੈਦੇ ਤੇ ਚੜਕੇ 29 ਦਿਨ ਲਗਾਉਣਾ ਪਿਆ ਸੀ ਧਰਨਾ: ਅਵਤਾਰ ਸਿੰਘ ਨਗਲਾ.
ਮੋਹਾਲੀ, 28 ਜੁਲਾਈ ,ਬੋਲੇ ਪੰਜਾਬ ਬਿਊਰੋ:
ਪੰਜਾਬ ਸਰਕਾਰ ਵੱਲੋਂ ਨਵੀਂ ਲੈਂਡ ਪੋਲਿੰਗ ਸਕੀਮ ਦਾ ਸਮੂਹ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਤੇ ਰਾਜਸੀ ਲਾਭ ਲੈਣ ਲਈ ਪਿਛਲੀਆਂ ਸਰਕਾਰਾਂ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਵੀ ਇਸ ਦੇ ਵਿਰੋਧ ਵਿੱਚ ਕੁਦ ਗਈਆਂ ਹਨ। ਆਏ ਦਿਨ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਤੇ ਰੈਲੀਆਂ ਕਰਕੇ ਆਪਣੇ ਆਪ ਨੂੰ ਪੰਜਾਬ ਦੇ ਹਿਤੈਸ਼ੀ ਹੋਣ ਦਾ ਸਬੂਤ ਦੇ ਰਹੀਆਂ ਹਨ। ਪਰ ਇਹ ਭੁੱਲ ਗਏ ਕਿ ਉਹਨਾਂ ਦੇ ਰਾਜਕਾਲ ਵਿੱਚ ਵੀ ਕਿਸਾਨਾਂ ਦੀ ਰੱਜ ਕੇ ਲੁੱਟ ਹੋਈ ਹੈ। ਅੱਜ ਅਕਾਲੀ ਦਲ ਬਾਦਲ ਵੱਲੋਂ ਮੋਹਾਲੀ ਵਿੱਚ ਕੀਤੀ ਜਾ ਰਹੀ ਰੈਲੀ ਵੀ ਮਗਰਮੱਛ ਤੇ ਹੰਝੂਆਂ ਵਾਂਗ ਲੱਗਦੀ ਹੈ। ਇਹ ਵਿਚਾਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰਗਟ ਕੀਤੇ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ 70 ਸਾਲਾਂ ਤੋਂ ਇਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਵੀ ਗਲਤ ਪਾਲਸੀਆਂ ਲਿਆ ਕੇ ਕਿਸਾਨਾਂ ਦੀ ਬਹੁਤ ਲੁੱਟ ਮਾਰ ਕੀਤੀ ਹੈ। ਕਿਸਾਨਾਂ ਦੀ ਵਾਹੀ ਯੋਗ ਸੋਨੇ ਵਰਗੀ ਜਮੀਨ ਕੌਡੀਆਂ ਦੇ ਭਾਅ ਚ ਖਰੀਦੀ ਤੇ ਅੱਜ ਸੈਕਟਰ 68 ‘ਚ 100-100 ਕਰੋੜ ਰੁਪਏ ਦਾ ਏਕੜ ਵਿਕ ਰਿਹਾ ਹੈ। ਪਿੰਡ ਕੁੰਭੜਾ ਦੇ ਗਰੀਬ ਲੋਕਾਂ ਨੇ 5-5 ਮਰਲੇ ਗੁਆ ਕੇ ਜੋ ਔਸਤੀ 100-100 ਪਲਾਟਾਂ ਵਾਸਤੇ ਲੋਕ ਪੁੱਡਾ ਦੇ ਦਫਤਰਾਂ ਦੇ ਗੇੜੇ ਮਾਰ ਮਾਰ ਥੱਕ ਚੁੱਕੇ ਹਨ। ਉਸ ਵਾਸਤੇ ਵੀ ਮਾਨਯੋਗ ਹਾਈਕੋਰਟ ਵਿੱਚ ਕੇਸ ਪਾਉਣੇ ਪਏ। ਕਈਆਂ ਨੂੰ ਤਾਂ ਅੱਜ ਤੱਕ ਉਹ ਪਲਾਟ ਨਹੀਂ ਮਿਲੇ। ਉਹਨਾਂ ਕਿਹਾ ਕਿ ਇਹ ਪਾਰਟੀਆਂ ਸਭ ਰਾਜਸੀ ਰੋਟੀਆਂ ਸੇਕ ਰਹੀਆਂ ਹਨ, ਇਹ ਜਨਤਾ ਦੇ ਹਿਤੈਸ਼ੀ ਨਹੀਂ ਹਨ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੀ.ਐਲ.ਪੀ. ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਨੇ ਕਿਹਾ ਕਿ ਭੋਲੇ ਭਾਲੇ ਕਿਸਾਨਾਂ ਨੂੰ ਜੋ ਵਰਗਲਾਕੇ ਜਿਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਲੁੱਟਿਆ, ਉਹਨਾਂ ਦੀਆਂ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਵੇਚੀਆਂ ਹਨ ਤੇ ਮੋਟੀ ਕਮਾਈ ਕੀਤੀ ਹੈ। ਉਹ ਅੱਜ ਪੰਜਾਬ ਦੇ ਕਿਸਾਨਾਂ ਦੀਆਂ ਹਿਤੈਸ਼ੀ ਹੋਣ ਦਾ ਢੋਲ ਵਜਾ ਰਹੀਆਂ ਹਨ। ਅਜਿਹੀਆਂ ਪਾਰਟੀਆਂ ਦੇ ਮਗਰਮੱਛ ਤੇ ਹੰਝੂਆਂ ਤੇ ਲੋਕਾਂ ਨੂੰ ਇਤਬਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਤਾਏ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਮੈਨੂੰ ਸਫੈਦੇ ਦੇ ਦਰੱਖਤ ਤੇ ਚੜਕੇ 29 ਦਿਨ ਧਰਨਾ ਲਗਾਉਣਾ ਪਿਆ ਸੀ।
ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਮਨਜੀਤ ਸਿੰਘ ਮੇਵਾ, ਮੋਹਨ ਸਿੰਘ ਕੁੰਭੜਾ, ਲਾਭ ਸਿੰਘ, ਅਜੈਬ ਸਿੰਘ, ਅਮਰੀਕ ਸਿੰਘ, ਹਰਵਿੰਦਰ ਕੋਹਲੀ, ਸੋਨੀਆ ਰਾਣੀ, ਨੀਲਮ, ਬਲਜੀਤ ਸਿੰਘ ਸਾਬਕਾ ਪੰਚ, ਗੁਰਵਿੰਦਰ ਸਿੰਘ ਬੱਬਲ ਚੌਪੜਾ ਕਰਮਜੀਤ ਸਿੰਘ ਅਮਨਦੀਪ ਕੌਰ ਗੁਰਵਿੰਦਰ ਸਿੰਘ ਗਰਚਾ ਆਦਿ ਹਾਜ਼ਰ ਹੋਏ।












