ਜਗਰਾਓਂ, 29 ਜੁਲਾਈ,ਬੋਲੇ ਪੰਜਾਬ ਬਿਊਰੋ;
ਜਗਰਾਓਂ ਦੇ ਪਿੰਡ ਅਖਾੜਾ ਵਿੱਚ ਪੰਚਾਇਤ ਨਾਲ ਰੌਲੇ ਤੋਂ ਪਰੇਸ਼ਾਨ 72 ਸਾਲਾ ਬਜ਼ੁਰਗ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਜ਼ੋਰਾ ਸਿੰਘ ਵਜੋਂ ਹੋਈ ਹੈ, ਜੋ ਪੰਚਾਇਤ ਵੱਲੋਂ ਗਲੀ ਦਾ ਪੱਧਰ ਉੱਚਾ ਕਰਨ ਦੇ ਮਾਮਲੇ ਵਿਚ ਵਿਰੋਧ ਕਰ ਰਿਹਾ ਸੀ। ਇਸ ਨੂੰ ਲੈ ਕੇ ਉਸ ਦੀ ਪੰਚਾਇਤ ਨਾਲ ਕਾਫੀ ਤਕਰਾਰ ਹੋਈ ਸੀ।
ਜਾਣਕਾਰੀ ਅਨੁਸਾਰ, ਪੰਚਾਇਤ ਨੇ ਜ਼ੋਰਾ ਸਿੰਘ ਵਿਰੁੱਧ ਪੁਲਿਸ ਚੌਕੀ ਕਾਉਂਕੇ ਕਲਾਂ ਵਿੱਚ ਸ਼ਿਕਾਇਤ ਕੀਤੀ। ਪੁਲਿਸ ਵੱਲੋਂ ਚੌਕੀ ਹਾਜ਼ਰੀ ਦੇਣ ਲਈ ਕਿਹਾ ਗਿਆ, ਜਿਸ ਕਾਰਨ ਬਜ਼ੁਰਗ ਕਾਫੀ ਪਰੇਸ਼ਾਨ ਹੋ ਗਿਆ। ਉਸ ਨੇ ਘਰ ਵਿੱਚ ਪਈ ਸਲਫਾਸ ਖਾ ਲਈ। ਹਾਲਤ ਵਿਗੜਣ ’ਤੇ ਪਰਿਵਾਰਕ ਮੈਂਬਰ ਉਸ ਨੂੰ ਜਗਰਾਓਂ ਦੇ ਨਿੱਜੀ ਹਸਪਤਾਲ ਕਲਿਆਣੀ ਲੈ ਗਏ।
ਹਸਪਤਾਲ ਵਿੱਚ ਵੀ ਜ਼ੋਰਾ ਸਿੰਘ ਨੇ ਇੱਕ ਵੀਡੀਓ ਬਣਾ ਕੇ ਪੰਚਾਇਤ ਉੱਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ। ਇਲਾਜ ਦੌਰਾਨ ਕੁਝ ਘੰਟਿਆਂ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਸੁਖਦੇਵ ਸਿੰਘ ਅਨੁਸਾਰ, ਪੰਚਾਇਤ ਵੱਲੋਂ ਮੁੜ-ਮੁੜ ਸ਼ਿਕਾਇਤਾਂ ਕਰਕੇ ਉਨ੍ਹਾਂ ਨੂੰ ਪੁਲਿਸ ਚੌਕੀ ਬੁਲਾਇਆ ਜਾਂਦਾ ਸੀ, ਪਰ ਦੂਸਰੀ ਧਿਰ ਨੂੰ ਨਹੀਂ ਸੱਦਿਆ ਗਿਆ।
ਇਸ ਮਾਮਲੇ ਵਿੱਚ ਜਗਰਾਓਂ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।












