ਬਰਨਾਲਾ, 6 ਅਗਸਤ,ਬੋਲੇ ਪੰਜਾਬ ਬਿਊਰੋ;
ਬਰਨਾਲਾ ਜ਼ਿਲ੍ਹੇ ‘ਚ ਪਿੰਡ ਧਨੌਲਾ ਦੇ ਪ੍ਰਸਿੱਧ ਹਨੂੰਮਾਨ ਮੰਦਰ ਵਿੱਚ ਮੰਗਲਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਮੰਦਰ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਅਤੇ 16 ਲੋਕ ਅੱਗ ਵਿੱਚ ਝੁਲਸ ਗਏ। ਮੰਦਰ ਵਿੱਚ ਹਰ ਮੰਗਲਵਾਰ ਭੰਡਾਰਾ ਲਗਾਇਆ ਜਾਂਦਾ ਹੈ। ਇਸ ਵਾਰ ਲੰਗਰ ਹਾਲ ਵਿੱਚ ਅੱਗ ਲੱਗਣ ਨਾਲ 16 ਲੋਕ ਝੁਲਸ ਗਏ ਜਿੱਥੇ ਭੰਡਾਰਾ ਤਿਆਰ ਕੀਤਾ ਜਾ ਰਿਹਾ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਲਵਾਈ ਭੱਠੀ ਵਿੱਚ ਡੀਜ਼ਲ ਪਾ ਰਿਹਾ ਸੀ। ਇਸ ਦੌਰਾਨ ਅੱਗ ਲੱਗ ਗਈ।
ਅੱਗ ਵਿੱਚ ਝੁਲਸੇ ਸਾਰੇ ਲੋਕ ਹਲਵਾਈ ਦਾ ਕੰਮ ਕਰਨ ਵਾਲੇ ਸਨ। ਇਨ੍ਹਾਂ ਵਿੱਚ ਨੌਂ ਪੁਰਸ਼ ਅਤੇ ਸੱਤ ਔਰਤਾਂ ਸ਼ਾਮਲ ਹਨ। ਛੇ ਲੋਕਾਂ ਨੂੰ ਗੰਭੀਰ ਹਾਲਤ ਕਾਰਨ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਸੱਤ ਨੂੰ ਧਨੌਲਾ ਦੇ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤਿੰਨ ਲੋਕਾਂ ਦਾ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮੰਗਲਵਾਰ ਸ਼ਾਮ ਨੂੰ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਕਸਬੇ ਦੇ ਸ਼੍ਰੀ ਹਨੂੰਮਾਨ ਮੰਦਰ ਵਿੱਚ ਲੰਗਰ ਤਿਆਰ ਕਰਦੇ ਸਮੇਂ ਲੱਗੀ ਅੱਗ ਦੀ ਘਟਨਾ ਵਿੱਚ ਬੁਰੀ ਤਰ੍ਹਾਂ ਝੁਲਸ ਗਏ 5 ਲੋਕਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਬਰਨਾਲਾ ਦੇ ਵਿਸ਼ਾਲ ਕੁਮਾਰ (35), ਰਾਮ ਜਤਿਨ (50), ਬਲਵਿੰਦਰ ਸਿੰਘ (40), ਰਾਮਚੰਦਰ (45) ਅਤੇ ਅਜੈ ਕੁਮਾਰ (20) ਸ਼ਾਮਲ ਹਨ ਅਤੇ ਡਾਕਟਰਾਂ ਅਨੁਸਾਰ, ਇਨ੍ਹਾਂ ਸਾਰਿਆਂ ਨੂੰ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਸੜਨ ਦੀਆਂ ਸੱਟਾਂ ਲੱਗੀਆਂ ਹਨ। ਮੈਡੀਕਲ ਕਾਲਜ ਹਸਪਤਾਲ ਪ੍ਰਸ਼ਾਸਨ ਨੇ ਇਨ੍ਹਾਂ ਦੇ ਬਿਹਤਰ ਇਲਾਜ ਲਈ ਮਾਹਿਰ ਡਾਕਟਰਾਂ ਦੀ ਇੱਕ ਟੀਮ ਬਣਾਈ ਹੈ।












