ਕੁੱਲੂ, 9 ਅਗਸਤ ,ਬੋਲੇ ਪੰਜਾਬ ਬਿਊਰੋ;
ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਆਪਣਾ ਕਹਿਰ ਢਾਹ ਰਿਹਾ ਹੈ। ਇਥੇ ਕੁੱਲੂ ਦੇ ਸ਼ਾਰੋਦ ਨਾਲੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਜਿਸ ਕਾਰਨ ਬਰੋਗੀ ਨਾਲਾ ਵਿਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ। ਹਾਲਾਂਕਿ ਕੋਈ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪਰ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਮੌਸਮ ਵਿਭਾਗ ਮੁਤਾਬਕ, ਹਿਮਾਚਲ ਵਿਚ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅੱਜ ਤਾਪਮਾਨ 24 ਤੋਂ 25 ਡਿਗਰੀ ਸੈਲਸੀਅਸ ਰਿਹਾ ਅਤੇ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ’ਚ ਮੀਂਹ ਪਿਆ। ਭਲਕੇ ਤੋਂ ਲੈ ਕੇ ਅਗਲੇ ਹਫਤੇ ਤਕ ਭਾਰੀ ਬਾਰਿਸ਼ ਅਤੇ ਲੈਂਡਸਲਾਈਡ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ (IMD) ਵੱਲੋਂ ਕੁੱਲੂ , ਮੰਡੀ, ਚੰਬਾ, ਕਿੰਨੌਰ ਅਤੇ ਸਪਿਤੀ ਆਦਿ ਜ਼ਿਲਿਆਂ ਵਿੱਚ 11 ਅਤੇ 12 ਅਗਸਤ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਨੀਵਾਂ ਇਲਾਕਾ ਹੋਣ ਕਰਕੇ ਨਦੀ-ਨਾਲਿਆਂ ਦੇ ਨੇੜੇ ਵੱਸਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਜ਼ਿਲਾ ਪ੍ਰਸ਼ਾਸਨ ਅਤੇ ਡਿਜਾਸਟਰ ਮੈਨੇਜਮੈਂਟ ਟੀਮਾਂ ਨੇ ਇਲਾਕੇ ਵਿੱਚ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। SDRF ਟੀਮਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਖ਼ਤਰਨਾਕ ਥਾਵਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਢੁੱਕਿਆ ਜਾ ਰਿਹਾ ਹੈ। ਹਿਮਾਚਲ ਵਾਸੀਆਂ ਨੂੰ ਪ੍ਰਸ਼ਾਸ਼ਨ ਵੱਲੋਂ ਅਪੀਲ ਕੀਤੀ ਗਈ ਹੈ ਕਿ ਵਧੇਰੇ ਬਾਰਿਸ਼ ਦੌਰਾਨ ਪਹਾੜੀ ਇਲਾਕਿਆਂ ਦੀ ਯਾਤਰਾ ਤੋਂ ਗੁਰੇਜ਼ ਕਰੋ। ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਅਲਰਟ ਦੀ ਪਾਲਣਾ ਕਰੋ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ’ਚ ਤੁਰੰਤ ਸਹਾਇਤਾ ਨੰਬਰਾਂ ‘ਤੇ ਸੰਪਰਕ ਕੀਤਾ ਜਾਵੇ।














