ਅੰਮ੍ਰਿਤਸਰ, 11 ਅਗਸਤ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਵੱਲੋਂ ਅੱਜ ਪਾਰਟੀ ਦੇ ਨਵੇਂ ਮੁਖੀ ਦੀ ਚੋਣ ਲਈ ਆਮ ਮੀਟਿੰਗ ਬੁਲਾਈ ਗਈ ਹੈ। ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਢਾ, ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਪ੍ਰਧਾਨ ਅਤੇ ਅਹੁਦੇਦਾਰਾਂ ਦੇ ਨਾਵਾਂ ਬਾਰੇ ਅੰਤਿਮ ਫੈਸਲਾ ਡੈਲੀਗੇਟਾਂ ਵੱਲੋਂ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੁਝ ਆਗੂਆਂ ਦੇ ਮੁਖੀ ਦੇ ਅਹੁਦੇ ਸਬੰਧੀ ਨਿੱਜੀ ਬਿਆਨ ਹੋ ਸਕਦੇ ਹਨ, ਪਰ ਭਰਤੀ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਡੈਲੀਗੇਟਾਂ ਦੇ ਫੈਸਲੇ ਨੂੰ ਹੀ ਸਵੀਕਾਰ ਕੀਤਾ ਜਾਵੇਗਾ। ਮੈਂਬਰਾਂ ਨੇ ਕਿਹਾ ਕਿ ਲੀਡਰਸ਼ਿਪ ਸਬੰਧੀ ਕਈ ਨਾਵਾਂ ‘ਤੇ ਚਰਚਾ ਹੋ ਰਹੀ ਹੈ, ਪਰ ਇਸ ਦਾ ਫੈਸਲਾ ਲੋਕਤੰਤਰੀ ਢੰਗ ਨਾਲ ਕੀਤਾ ਜਾਣਾ ਹੈ।
2 ਦਸੰਬਰ ਨੂੰ ਜਾਰੀ ਹੁਕਮਨਾਮੇ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ ਨਵੀਂ ਲੀਡਰਸ਼ਿਪ ਦੀ ਚੋਣ ਨਿਰਧਾਰਤ ਪ੍ਰਕਿਰਿਆ ਅਨੁਸਾਰ ਕੀਤੀ ਜਾਵੇਗੀ। ਭਰਤੀ ਕਮੇਟੀ ਅਨੁਸਾਰ, ਉਨ੍ਹਾਂ ਕੋਲ ਬਹੁਤ ਸਾਰੇ ਨਾਮ ਆ ਚੁੱਕੇ ਹਨ, ਪਰ ਅੰਤਿਮ ਫੈਸਲਾ ਡੈਲੀਗੇਟਾਂ ਵੱਲੋਂ ਹੀ ਲਿਆ ਜਾਵੇਗਾ ਅਤੇ ਅਜਿਹਾ ਕਰਨ ਦਾ ਅਧਿਕਾਰ ਸਿਰਫ਼ ਉਨ੍ਹਾਂ ਨੂੰ ਹੀ ਹੈ।












