ਕਿਹਾ – ਨੌਜਵਾਨਾਂ ਨੂੰ ਮਿਲਣਗੇ ਰੋਜ਼ਗਾਰ ਦੇ ਮੌਕੇ, ਸੂਬੇ ਦੀ ਆਰਥਿਕ ਸਥਿਤੀ ਹੋਵੇਗੀ ਮਜ਼ਬੂਤ
ਚੋਣਾਂ ਦੌਰਾਨ ਕੀਤਾ ਵਾਅਦਾ ਪੂਰਾ, ਪੀ.ਐੱਮ. ਮੋਦੀ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਦਾ ਕੀਤਾ ਧੰਨਵਾਦ
ਮੋਹਾਲੀ 12 ਅਗਸਤ ,ਬੋਲੇ ਪੰਜਾਬ ਬਿਊਰੋ;
ਕੇਂਦਰੀ ਕੈਬਿਨੇਟ ਨੇ ਮੋਹਾਲੀ ਵਿੱਚ ਸੈਮੀਕੰਡਕਟਰ ਪਾਰਕ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ‘ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਜਿੱਥੇ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ, ਉੱਥੇ ਹੀ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਤਾਕਤ ਦੇਵੇਗਾ। ਹੁਣ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਦੇ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਸਮਰਥਨ ਦੇਵੇ।
ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ, ਇਸ ਲਈ ਇਸ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਪੰਜਾਬ ਵਿੱਚ ਲੈ ਕੇ ਆ ਰਹੀ ਹੈ। ਅਜੇਹੇ ਪ੍ਰੋਜੈਕਟ ਪੰਜਾਬ ਦੇ ਵਿਕਾਸ ਦੀ ਨਵੀਂ ਇਤਿਹਾਸ ਲਿਖਣ ਵਿੱਚ ਸਹਾਇਕ ਹੋਣਗੇ।
ਡਾ. ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਮੋਹਾਲੀ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਤਰ੍ਹਾਂ ਦੇ ਪ੍ਰੋਜੈਕਟ ਇੱਥੇ ਲਿਆਣਗੇ। ਇਸ ਸਬੰਧ ਵਿੱਚ ਉਹ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਵੀ ਦੋ ਵਾਰ ਮਿਲੇ ਸਨ। ਅੱਜ ਮੋਹਾਲੀ ਵਿੱਚ ਸੈਮੀਕੰਡਕਟਰ ਪਲਾਂਟ ਦੀ ਮਨਜ਼ੂਰੀ ‘ਤੇ ਉਹ ਪੀ.ਐੱਮ. ਮੋਦੀ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਦਾ ਧੰਨਵਾਦ ਕਰਦੇ ਹਨ।
ਡਾ. ਸ਼ਰਮਾ ਨੇ ਕਿਹਾ ਕਿ 2022 ਵਿੱਚ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਸੈਮੀਕੰਡਕਟਰ ਦੀ ਮੰਗ ਲਗਾਤਾਰ ਵੱਧ ਰਹੀ ਹੈ। ਮੋਹਾਲੀ ਵਿੱਚ ਜਦੋਂ ਇਹ ਪ੍ਰੋਜੈਕਟ ਲੱਗੇਗਾ ਤਾਂ ਦੁਨੀਆ ਦੇ ਉਦਯੋਗਿਕ ਨਕਸ਼ੇ ‘ਤੇ ਸਾਰਾ ਪੰਜਾਬ ਇਕ ਵਾਰ ਫਿਰ ਚਮਕੇਗਾ।
ਉਹਨਾਂ ਨੇ ਕਿਹਾ ਕਿ ਇਲੈਕਟ੍ਰਾਨਿਕ ਪੁਰਜ਼ੇ ਬਣਾਉਣ ਵਾਲੀ ਕੰਪਨੀ ਸੀਡੀਐਲ ਦੀ ਪੰਜਾਬ ਵਿੱਚ 117 ਕਰੋੜ ਰੁਪਏ ਦੀ ਨਿਵੇਸ਼ ਵਾਲੀ ਸੈਮੀਕੰਡਕਟਰ ਯੋਜਨਾ ਨਵੇਂ ਪੰਜਾਬ ਦੇ ਨਿਰਮਾਣ ਵਿੱਚ ਸਹਾਇਕ ਹੋਵੇਗੀ। ਡਾ. ਸੁਭਾਸ਼ ਨੇ ਕਿਹਾ ਕਿ ਸੈਮੀਕੰਡਕਟਰ ਚਿਪਸ ਅੱਜ ਹਰ ਆਧੁਨਿਕ ਤਕਨਾਲੋਜੀ ਦਾ ਅਧਾਰ ਹਨ, ਜੋ ਬੁਨਿਆਦੀ ਡਿਵਾਈਸ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਨੂੰ ਤਾਕਤ ਦੇਂਦੀਆਂ ਹਨ। ਇਸ ਲਈ ਪੰਜਾਬ ਇਨ੍ਹਾਂ ਦਾ ਉਤਪਾਦਨ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਬਣਾਵੇਗਾ। ਅਜੇਹੇ ਪ੍ਰੋਜੈਕਟ ਪੰਜਾਬ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਗੇ।












