ਚੰਡੀਗੜ੍ਹ 13ਅਗਸਤ ,ਬੋਲੇ ਪੰਜਾਬ ਬਿਉਰੋ;
‘ਗੁਰੂ-ਅਦਬ’ ਮੋਰਚਾ ਸਰਹਿੰਦ, ਸਭਿਆਚਾਰ ਤੇ ਵਿਰਸਾ ਸੰਭਾਲ ਮੰਚ ਅਤੇ ‘ਲੋਕ-ਰਾਜ’ ਪੰਜਾਬ ਨੇ ਕਿਹਾ ਹੈ ਕਿ, ਇਤਿਹਾਸਿਕ ਬੁਰਜ ਅਕਾਲੀ ਫ਼ੂਲਾ ਸਿੰਘ ਜੀ ਵਿਖੇ ਸਿੱਖ ਸੰਗਤ ਵੱਲੋਂ ਸਰਵਸੰਮਤੀ ਨਾਲ ਗੁਰਮਤਿਆਂ ਰਾਹੀਂ ਪੰਥਪ੍ਰਸਤੀ ਅਤੇ ਨਿਰੋਲ ਗੁਣਾਂ ਦੇ ਅਧਾਰ ਤੇ ਚੁਣ ਕੇ ਭੇਜੇ ਗਏ, ਡੈਲੀਗੇਟਾਂ ਵੱਲੋਂ ਕੀਤੇ ਪੰਥਕ ਫ਼ੈਸਲਿਆਂ ਦੌਰਾਨ, “ਗੁਰਮਤਾ” ਅਤੇ “ਮੀਰੀ-ਪੀਰੀ ਦੇ ਸਿਧਾਂਤ” ਸਪਸ਼ਟ ਉੱਭਰੇ ਹਨ।
ਡਾ ਮਨਜੀਤ ਸਿੰਘ ਰੰਧਾਵਾ ਕਨਵੀਨਰ ‘ਗੁਰੂ-ਅਦਬ’ ਮੋਰਚਾ ਸਰਹਿੰਦ ਅਤੇ ਸਭਿਆਚਾਰ ਤੇ ਵਿਰਸਾ ਸੰਭਾਲ ਮੰਚ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਖੁਲਾਸਾ ਕੀਤਾ ਕਿ ਗੁਰਸਿਖੀ ਦੇ ਧਾਰਮਿਕ ਅਤੇ ਸਿਆਸੀ ਪ੍ਰਬੰਧ ਵਿੱਚ, “ਲਿਫ਼ਾਫ਼ਾ ਰਿਵਾਜ” ਅਤੇ “ਵੋਟਤੰਤਰ” ਵਰਗੇ “ਮਨਮਤਿ ਦੇ ਦੋਸ਼ਯੁਕਤ ਰੋਗਾਂ” ਕਾਰਨ ਆਏ ਨਿਘਾਰ ਤੋਂ ਪ੍ਰਬੰਧ ਨੂੰ ਮੁਕਤ ਕਰਨ ਲਈ, ਗੁਰਮਤੇ ਦੇ ਸਿਧਾਂਤ ਰਾਹੀਂ, “ਗੁਣਾਂ ਦੇ ਅਧਾਰ ਤੇ ਸਰਵਸੰਮਤੀ ਨੇ ਸਿੱਖ ਸਿਧਾਂਤਕ ਪਰੰਪਰਾਵਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ।
ਲੋਕ-ਰਾਜ’ ਪੰਜਾਬ ਨੇ ਕਿਹਾ ਹੈ ਕਿ, ਇਸ ਚੋਣ ਦੌਰਾਨ, “ਮੀਰੀ-ਪੀਰੀ” ਦੇ ਸਿਧਾਂਤ ਦੀ ਸ਼ਪਸ਼ਟਤਾ” ਬਹੁਤ ਅਹਿਮ ਪ੍ਰਾਪਤੀ ਹੈ। ਸਿੱਖ ਸੰਗਤਾਂ ਵੱਲੋਂ ਗੁਰਮਤਿਆਂ ਰਾਹੀਂ ਚੁਣ ਕੇ ਭੇਜ ਗਏ, ਡੈਲੀਗੇਟਾਂ ਦੇ ਇਕੱਠ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਸਭ ਤੋਂ ਪਹਿਲਾਂ “ਪੀਰੀ” ਦੀ “ਪੰਥਕ-ਕੌਂਸਲ” ਸਿਰਜ ਕੇ “ਮੀਰੀ” ਦੇ ਰਾਜਨੀਤਿਕ-ਪ੍ਰਬੰਧ “ਅਕਾਲੀ ਦਲ” ਨੂੰ, “ਪੰਥਕ ਕੌਂਸਲ ਦੀ ਪ੍ਰਵਾਨਗੀ” ਲੈਣ ਲਈ ਪਾਬੰਦ ਕਰਨਾ ਇਤਿਹਾਸਕ ਕਦਮ ਹੈ। ਅਜੇਹੇ ਪੰਥਕ ਵਰਤਾਰੇ ਰਾਹੀਂ,”ਮੀਰੀ-ਪੀਰੀ ਦਾ ਸਿਧਾਂਤ”, ਗੁਰੂ ਆਸ਼ੇ ਅਨੁਸਾਰ ਹੀ ਸਪਸ਼ਟ ਰੂਪ ਵਿੱਚ, “ਮੀਰੀ ਨੂੰ ਪੀਰੀ ਦੀ ਤਾਬਿਆ” ਰੱਖ ਕੇ ਅਜੋਕੇ ਸਮੇਂ ਵਿੱਚ ਪਹਿਲੀ ਵਾਰ ਲਾਗੂ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ, ਇਹਨਾਂ ਦੋਵੇਂ ਗੁਰਮਤਿ ਸਿਧਾਂਤਾਂ ਦੀ ਸੁਚੇਤ ਪਹਿਰੇਦਾਰੀ ਦੀ ਬਹੁਤ ਵੱਡੀ ਜਿੰਮੇਵਾਰੀ ਹੁਣ ਸਮੂਹ ਸਿੱਖ ਸੰਗਤ ਦੇ ਸਿਰ ਤੇ ਹੈ। ਕਿਉਂਜੁ ਸਿੱਖ-ਸੰਸਥਾਵਾਂ ਦੇ ਬੇਹਦ ਕਮਜ਼ੋਰ ਹੋ ਚੁਕੇ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪ੍ਰਬੰਧ ਨੂੰ ਮੁੜ ਸੁਰਜੀਤ ਕਰਕੇ ਗੁਰੂ ਆਸ਼ੇ ਅਨੁਸਾਰ ਸਿਰਜ ਸਕਣ ਲਈ ਇਹੋ ਗੁਰਸਿਧਾਂਤ ਹੀ ਅਚੂਕ “ਅਉਖਦ” (ਦਵਾਈ) ਹੈ।












