ਚੰਡੀਗੜ੍ਹ, 13 ਅਗਸਤ,ਬੋਲੇ ਪੰਜਾਬ ਬਿਉਰੋ;
ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਕੇਂਦਰੀ ਏਜੰਸੀਆਂ ਦੀ ਸ਼ਹਿ ’ਤੇ ਬਣੇ ਵੱਖਰੇ ਚੁੱਲ੍ਹਾ ਗਰੁੱਪ ਵੱਲੋਂ ਪਾਰਟੀ ਦੇ ਨਾਂ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਭਰਮਿਤ ਕਰਨ ’ਤੇ ਉਸ ਖਿਲਾਫ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ। ਪਾਰਟੀ ਦੇ ਮੁਤਾਬਕ, 1996 ਦੇ ਨੋਟੀਫਿਕੇਸ਼ਨ ਅਧੀਨ ਅਕਾਲੀ ਦਲ ਚੋਣ ਕਮਿਸ਼ਨ ਕੋਲ ਰਜਿਸਟਰਡ ਤੇ ਮਾਨਤਾ ਪ੍ਰਾਪਤ ਪਾਰਟੀ ਹੈ।
ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ 100% ਡੈਲੀਗੇਟ ਪਾਰਟੀ ਨਾਲ ਹਨ ਅਤੇ ਵੱਖਰੇ ਗਰੁੱਪ ਨੇ ਨਾ ਤਾਂ ਮੈਂਬਰਸ਼ਿਪ ਮੁਹਿੰਮ ’ਚ ਹਿੱਸਾ ਲਿਆ ਹੈ ਤੇ ਨਾ ਹੀ ਸੰਵਿਧਾਨਕ ਫੀਸ ਅਦਾ ਕੀਤੀ ਹੈ। ਉਹਨਾਂ ਕਿਹਾ ਕਿ ਵੱਖਰਾ ਗਰੁੱਪ ਕਾਨੂੰਨੀ ਤੌਰ ’ਤੇ ਡੈਲੀਗੇਟ ਸੈਸ਼ਨ ਸੱਦਣ ਯੋਗ ਨਹੀਂ ਅਤੇ ਇਸ ਦੀ ਕਾਰਵਾਈ ਧੋਖਾਧੜੀ ਹੈ।
ਪਾਰਟੀ ਨੇ ਪੰਜਾਬ ਦੀ 65,000 ਏਕੜ ਜ਼ਮੀਨ ਨੂੰ ਕੌਡੀਆਂ ਦੇ ਭਾਅ ਹਥਿਆਉਣ ਦੀ ‘ਆਪ’ ਸਰਕਾਰ ਦੀ ਯੋਜਨਾ ਨਾਕਾਮ ਬਣਾਉਣ ਲਈ ਸੰਘਰਸ਼ ’ਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ੁਕਰਾਨਾ ਸਮਾਗਮ ਦਾ ਐਲਾਨ ਕੀਤਾ।
ਡਾ. ਚੀਮਾ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਪ੍ਰਧਾਨ ਵਜੋਂ ਨਾ ਦਿਖਾਇਆ ਜਾਵੇ, ਕਿਉਂਕਿ ਅਸਲ ਪ੍ਰਧਾਨ ਸਿਰਫ਼ ਸੁਖਬੀਰ ਸਿੰਘ ਬਾਦਲ ਹਨ। ਪਾਰਟੀ ਨੇ ਕਿਹਾ ਕਿ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਉਹ ਪੂਰੀ ਤਰ੍ਹਾਂ ਡੱਟੀ ਰਹੇਗੀ।












