ਬੀਜੇਪੀ ਨੂੰ ਸਤਾ ਤੋਂ ਲਾਹੁਣ ਲਈ ਪੰਜਾਬੀ ਜ਼ੋਰ ਨਾਲ ਵੋਟ ਚੋਰ ਗੱਦੀ ਛੋੜ ਅੰਦੋਲਨ ਵਿੱਚ ਕੁੱਦਣ
ਮਾਨਸਾ, ,18 ਅਗਸਤ ,ਬੋਲੇ ਪੰਜਾਬ ਬਿਊਰੋ;
ਪ੍ਰਧਾਨ ਮੰਤਰੀ ਮੋਦੀ ਵਲੋਂ 15 ਅਗਸਤ ਦੇ ਦਿਨ ਲਾਲ ਕਿਲ੍ਹੇ ਤੋਂ ਅਪਣੇ ਭਾਸ਼ਣ ਵਿਚ ਆਰ ਐਸ ਐਸ ਵਰਗੇ ਘੋਰ ਫਿਰਕੂ, ਆਜ਼ਾਦੀ ਸੰਗਰਾਮ ਦੇ ਦਲਿਤਾਂ ਧਾਰਮਿਕ ਘੱਟ ਗਿਣਤੀਆਂ ਅਤੇ ਵਿਗਿਆਨ ਦੇ ਦੁਸ਼ਮਣ ਤੇ ਇਕ ਦਹਿਸ਼ਤਗਰਦ ਸੰਗਠਨ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਣਾ ਅਤੇ ਸਾਵਰਕਰ ਵਰਗੇ ਮਾਫ਼ੀ ਵੀਰ ਤੇ ਅੰਗਰੇਜ਼ ਪ੍ਰਸਤ ਦੀ ਤਸਵੀਰ ਤਿਰੰਗੇ ਝੰਡੇ ਨਾਲ ਸਭ ਤੋਂ ਉਪਰ ਲਾਉਣਾ ਭਾਰਤ ਦੇ ਸੰਵਿਧਾਨ ਅਤੇ ਸੰਕਲਪ ਦਾ ਘੋਰ ਅਪਮਾਨ ਹੈ, ਇਸ ਕੌਮੀ ਕੋਤਾਹੀ ਬਦਲੇ ਅਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕਰਦੇ ਹਾਂ। ਇਹ ਮੰਗ ਸੀਪੀਆਈ (ਐਮ ਐਲ) ਲਿਬਰੇਸ਼ਨ ਪੰਜਾਬ ਵਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਕੀਤੀ ਗਈ ਹੈ।
ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸਰਕਾਰ ਜਾਂ ਪ੍ਰਧਾਨ ਮੰਤਰੀ ਦੇਸ਼ ਦੇ ਮਾਲਕ ਨਹੀਂ ਹੁੰਦੇ, ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਸਿਰਫ਼ ਸੰਵਿਧਾਨ ਤੇ ਨਿਯਮਾਂ ਕਾਨੂੰਨਾਂ ਤਹਿਤ ਇਕ ਖਾਸ ਅਰਸੇ ਤੱਕ ਸਰਕਾਰ ਚਲਾਉਣ ਲਈ ਚੁਣਿਆ ਹੁੰਦਾ ਹੈ। ਪਰ ਹੋਰ ਸੰਵਿਧਾਨਕ ਸੰਸਥਾਵਾਂ ਵਾਂਗ ਚੋਣ ਕਮਿਸ਼ਨ ਨੂੰ ਵੀ ਆਪਣੀ ਕੱਠਪੁਤਲੀ ਬਣਾ ਕੇ ਅਤੇ ਵੋਟਾਂ ਵਿੱਚ ਭਾਰੀ ਗੜਬੜ ਤੇ ਹੇਰਾਫੇਰੀਆਂ ਕਰਕੇ ਮੁੜ ਚੋਣਾਂ ਜਿੱਤਣ ਵਾਲੀ ਬੀਜੇਪੀ ਤੇ ਮੋਦੀ ਸ਼ਾਹ ਅਪਣੇ ਆਪ ਨੂੰ ਭਾਰਤ ਦੇ ਖ਼ਾਨਦਾਨੀ ਮਾਲਕ ਸਮਝਣ ਦਾ ਭਰਮ ਪਾਲ ਰਹੇ ਹਨ। ਉਨ੍ਹਾਂ ਵਲੋਂ ਪਹਿਲਾਂ ਲੱਖਾਂ ਜ਼ਾਹਲੀ ਵੋਟਾਂ ਬਣਵਾ ਕੇ ਚੋਣਾਂ ਜਿੱਤਣ ਅਤੇ ਹੁਣ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਦੇ ਨਾਂ ‘ਤੇ ਬਿਹਾਰ ਵਿੱਚ 65 ਲੱਖ ਵੋਟਾਂ ਕਟਵਾ ਕੇ ਵਿਧਾਨ ਸਭਾ ਚੋਣਾਂ ਜਿੱਤਣ ਦੀਆਂ ਸਾਜਿਸ਼ਾਂ ਹੁਣ ਚਿੱਟੇ ਦਿਨ ਵਾਂਗ ਨਸ਼ਰ ਹੋ ਚੁੱਕੀਆਂ ਹਨ । ਅਨੇਕਾਂ ਮਾਮਲਿਆਂ ਵਿੱਚ ਸਪਸ਼ਟ ਹੋ ਚੁੱਕਾ ਹੈ ਕਿ ਮੋਦੀ ਸਰਕਾਰ ਦਰਅਸਲ ਸਿਰਫ਼ ਅਦਾਨੀ ਅੰਬਾਨੀ ਵਰਗੇ ਕੁਝ ਕਾਰਪੋਰੇਟ ਘਰਾਣਿਆਂ ਦੀ ਸੇਵਕ ਹੈ ਅਤੇ ਉਨ੍ਹਾਂ ਦੇ ਮੁਨਾਫੇ ਵਧਾਉਣ ਲਈ ਦੇਸ਼ ਦੇ ਸਾਰੇ ਕੁਦਰਤੀ ਸਾਧਨਾਂ ਸੋਮਿਆਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੇ ਨਾਲ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ ਅਤੇ ਆਦਿਵਾਸੀ ਲੋਕਾਂ ਦੇ ਹਿੱਤਾਂ ਅਤੇ ਜੀਵਨ ਤੱਕ ਦੀ ਬਲੀ ਲੈਣ ਤੋਂ ਇਸ ਨੂੰ ਕੋਈ ਹਿਚਕ ਜਾਂ ਸ਼ਰਮ ਨਹੀਂ। ਇਸ ਲਈ ਹੁਣ ਇਸ ਵੋਟ ਚੋਰ ਹਕੂਮਤ ਨੂੰ ਚੱਲਦਾ ਕਰਨ ਦਾ ਸਮਾਂ ਆ ਗਿਆ ਹੈ।
ਲਿਬਰੇਸ਼ਨ ਆਗੂਆਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿਚ ਬੀਜੇਪੀ ਤੇ ਉਸ ਦੇ ਭਾਈਵਾਲਾਂ ਦੀਆਂ ਫਿਰਕੂ ਜਾਤੀਵਾਦੀ ਸਾਜਿਸ਼ਾਂ ਅਤੇ ਵੋਟਾਂ ਵਿੱਚ ਹੇਰਾਫੇਰੀਆਂ ਬਾਰੇ ਜਾਗਰੂਕ ਹੋਣ ਅਤੇ ਬੀਜੇਪੀ ਨੂੰ ਸਤਾ ਤੋਂ ਲਾਹੁਣ ਲਈ ਲਈ ਦੇਸ਼ ਭਰ ਵਿੱਚ ਚੱਲ ਰਹੇ ” ਵੋਟ ਚੋਰ ਗੱਦੀ ਛੋੜ” ਅੰਦੋਲਨ ਵਿੱਚ ਸ਼ਾਮਲ ਹੋਣ।












