ਆਪਣੇ ਗੁਰੂ ਹਰਭਗਵਾਨ ਸੇਵਕ ਸ਼ਾਸਤਰੀ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਕੇ ਸਾਬਕਾ ਵਿਦਿਆਰਥੀਆਂ ਨੇ ਦਿੱਤੀ ਅਨੌਖੀ ਸ਼ਰਧਾਂਜਲੀ

ਪੰਜਾਬ

ਉਹਨਾਂ ਦੇ ਲਿਖੇ ਕਿੱਸਿਆਂ ਨੂੰ ਪੁਸਤਕ ਰੂਪ ਦੇ ਕੇ ਘਰ ਘਰ ਪਹੁੰਚਾਉਣ ਦਾ ਕੀਤਾ ਸ਼ਲਾਘਾਯੋਗ ਉਪਰਾਲਾ


ਗੁਰਦਾਸਪੁਰ 22ਅਗਸਤ (ਮਲਾਗਰ ਖਮਾਣੋਂ);

ਮਾਲਵੇ ਦੇ ਪ੍ਰਸਿੱਧ ਇਤਿਹਾਸਕ ਪਿੰਡ ਮਾਈਸਰਖਾਨਾ ਵਿਖੇ ਸੰਸਕ੍ਰਿਤ ਵਿਦਿਆਲਯ ਦੇ 50 ਸਾਲ ਪਹਿਲਾਂ ਦੇ ਸਾਬਕਾ ਵਿਦਿਆਰਥੀਆਂ ਨੇ ਪ੍ਰਾਚੀਨ ਦੁਰਗਾ ਮੰਦਿਰ ਵਿਖੇ ਆਪਣੇ ਗੁਰੂ ਹਰਭਗਵਾਨ ਸੇਵਕ ਸ਼ਾਸਤਰੀ ਮਾਈਸਰਖਾਨਾ ਦੀਆਂ ਕਿੱਸਾ ਕਾਵਿ ਦੀਆਂ ਰਚਨਾਵਾਂ ਨੂੰ ਪੁਸਤਕ ਰੂਪ ਦੇ ਕੇ ਉਸ ਨੂੰ ਅੱਜ ਲੋਕ ਅਰਪਣ ਕੀਤਾ। ਇਹਨਾਂ ਰਚਨਾਵਾਂ ਵਿਚ ਕਿੱਸਾ ਕਾਵਿ ਨਾਲ ਸਬੰਧਤ ਮੋਰਧੁੱਜ, ਸਿਬੀ ਪ੍ਰਸੰਗ ਸੁਦਾਮਾ ਭਗਤ,ਸ਼ਕੁੰਤਲਾ ਅਤੇ ਦੁਸ਼ਿਅੰਤ, ਸਤੀ ਪ੍ਰਸੰਗ, ਧਰੁਵ ਭਗਤ ਅਤੇ ਫੁਟਕਰ ਛੰਦ ਅਤੇ ਸ਼ੇਅਰਾਂ ਨੂੰ ਸੇਵਕ ਰਚਨਾਵਲੀ ਦਾ ਰੂਪ ਦਿੱਤਾ ਗਿਆ ਹੈ।‌ਇਹਨਾ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਵਿੱਚ ਜਿੱਥੇ ਸਾਬਕਾ ਵਿਦਿਆਰਥੀਆਂ ਨੇ ਆਰਥਿਕ ਸਹਾਇਤਾ ਕੀਤੀ ਉਥੇ ਇਹਨਾਂ ਰਚਨਾਵਾਂ ਨੂੰ ਪੁਸਤਕ ਰੂਪ ਵਿੱਚ ਸੰਪਾਦਨ ਕਰਨ ਦਾ ਉਪਰਾਲਾ ਵੇਦ ਪ੍ਰਕਾਸ਼ ਸ਼ਾਸਤਰੀ ਡਬਵਾਲੀ, ਅਮਰਜੀਤ ਸ਼ਾਸਤਰੀ ਅਤੇ ਗੁਰੂ ਜੀ ਦੇ ਬੇਟੇ ਰਘੁਬੀਰ ਸ਼ਰਮਾ ਨੇ ਕੀਤਾ। ਇਸ ਮੌਕੇ ਗੁਰੂ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੁਸਤਕ ਸੰਪਾਦਕ ਵੇਦ ਪ੍ਰਕਾਸ਼ ਸ਼ਾਸਤਰੀ ਨੇ ਇਹਨਾਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਜੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਲਿਖਤ ਰੂਪ ਵਿਚ ਉਪਲਭਦ ਨਹੀਂ ਸਨ। ਗੁਰੂ ਜੀ ਦੇ ਅਣਪੜ੍ਹ ਛੋਟੇ ਭਰਾ ਕਵੀਸ਼ਰ ਕੇਸ਼ੋ ਰਾਮ ਤੋਂ ਕੁੱਝ ਰਚਨਾਵਾਂ 1976-77 ਵਿੱਚ ਦਿਨ ਰਾਤ ਸੁੱਣਕੇ ਲਿਖ਼ਤ ਰੂਪ ਲਿਆਂਦੀਆਂ। ਜਿਹਨਾਂ ਨੂੰ ਉਸ ਸਮੇਂ ਪਾਠਸ਼ਾਲਾ ਵਿਚ ਪੜ੍ਹਦੇ ਵਿਦਿਆਰਥੀਆਂ ਗਿਆਨ ਚੰਦ, ਸ਼ਿਆਮ ਲਾਲ ਅਤੇ ਰਮੇਸ਼ ਰਤੀਆ ਨੇ ਕਵੀਸ਼ਰੀ ਜਥਾ ਬਣਾ ਕੇ ਪਿੰਡਾਂ ਦੀਆਂ ਸੱਥਾਂ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ। ਪੁਸਤਕ ਦੇ ਸਹਿ ਸੰਪਾਦਕ ਅਮਰਜੀਤ ਸ਼ਾਸਤਰੀ ਨੇ ਗੁਰੂ ਜੀ ਦੇ ਸੰਘਰਸ਼ਮਈ ਜੀਵਨ ਤੇ ਝਾਤੀ ਪਾਉਂਦਿਆਂ ਕਿਹਾ ਕਿ ਗੁਰੂ ਜੀ ਨੂੰ ਚਾਰ ਸਾਲ ਦੀ ਉਮਰ ਵਿਚ ਮਾਤਾ ਜੀ, ਦਾਦੀ ਦਾਦਾ ਜੀ, ਚਾਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਪਲੇਗ ਜੈਸੀ ਭਿਆਨਕ ਬਿਮਾਰੀ ਨਾਲ ਮੌਤ ਹੋ ਜਾਣ ਤੇ ਘਰ ਬਾਰ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਪਿਆ। ਉਥੇ ਸ਼ਾਸਤਰੀ ਦੀ ਪੜ੍ਹਾਈ ਕਰਕੇ 1947 ਦੀ ਵੰਡ ਕਾਰਨ ਪਿੰਡ ਮਾਈਸਰਖਾਨਾ ਆ ਕੇ ਰੋਜ਼ੀ ਰੋਟੀ ਕਮਾਉਣ ਲਈ ਕਦੇ ਹੱਟੀ, ਖੇਤੀ ਅਤੇ ਵੈਦਗੀ ਦਾ ਕਿੱਤਾ ਕਰਦੇ ਹੋਏ ਸ੍ਰੀ ਕਿਸ਼ੋਰ ਚੰਦ ਨੂੰ ਅਪਣਾ ਕਾਵਿ ਗੁਰੂ ਧਾਰਕੇ 15 ਦੇ ਲੱਗ ਭੱਗ ਕਿਸਿਆਂ ਦੀ ਰਚਨਾ ਕੀਤੀ ਹੈ। 1971 ਵਿੱਚ ਮਾਈਸਰਖਾਨਾ ਸੰਸਕ੍ਰਿਤ ਕਾਲਜ ਦੇ ਪ੍ਰਿੰਸੀਪਲ ਦੇ ਤੌਰ ਤੇ ਪ੍ਰਭਾਕਰ, ਸ਼ਾਸਤਰੀ ਦੀ ਜ਼ਿੰਦਗੀ ਦੇ ਆਖਰੀ ਸਮੇਂ ਤੱਕ ਕਰਵਾਉਂਦੇ ਰਹੇ।ਉਹਨਾਂ ਦੇ ਯਤਨਾਂ ਸਦਕਾ ਅੱਜ ਸੈਂਕੜੇ ਗਰੀਬ ਘਰਾਂ ਦੇ ਬੱਚਿਆਂ ਨੇ ਵਿਦਿਆ ਹਾਸਲ ਕਰਕੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਸੇਵਾਵਾਂ ਦੇ ਕੇ ਨਿਰੋਆ ਸਮਾਜ ਸਿਰਜਣ ਵਿਚ ਸਹਿਯੋਗ ਦਿੱਤਾ ਹੈ। ਗੁਰੂ ਹਰਭਗਵਾਨ ਸੇਵਕ ਸ਼ਾਸਤਰੀ ਜੀ ਭਾਵੇਂ ਸਰੀਰਕ ਤੌਰ ਤੇ ਸਾਡੇ ਕੋਲੋਂ 1991 ਵਿੱਚ ਚਲੇ ਗਏ ਹਨ ਪਰ ਉਨ੍ਹਾਂ ਦੀਆਂ ਰਚਨਾਵਾਂ ਸਾਡੇ ਚੇਤਿਆਂ ਦੀ ਚੰਗੇਰ ਵਿਚ ਹਮੇਸ਼ਾ ਅਮਰ ਰਹਿਣਗੀਆਂ। ਭਵਿੱਖ ਦੇ ਕਾਰਜ਼ ਪ੍ਰੋਜੈਕਟ ਵਿਚ ਇਹਨਾਂ ਰਚਨਾਵਾਂ ਨੂੰ ਕਵਿਸ਼ਰੀ ਦੇ ਰੂਪ ਵਿੱਚ ਗਾਇਨ ਸ਼ੈਲੀ ਰਾਹੀਂ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਦੀਆਂ ਬਾਕੀ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਕੇ ਪਾਠਕਾਂ ਦੇ ਸਨਮੁੱਖ ਕੀਤਾ ਜਾਵੇਗਾ।ਸਰਕਾਰੀ ਸੰਸਕ੍ਰਿਤ ਵਿਦਿਆਲਯ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਗੁਰਦਾਸ ਸਿੰਘ ਨੇ ਹਰਭਗਵਾਨ ਸੇਵਕ ਸ਼ਾਸਤਰੀ ਜੀ ਨਾਲ ਬਿਤਾਏ ਪਲ ਸਾਂਝੇ ਕਰਦਿਆਂ ਕਿਹਾ ਕਿ ਇਹੋ ਜਿਹੇ ਅਧਿਆਪਕ ਧਰਤੀ ਤੇ ਕਦੇ ਕਦੇ ਜਨਮ ਲੈਂਦੇ ਹਨ ਜਿਨ੍ਹਾਂ ਲਈ ਵਿਦਿਆਰਥੀ ਪਰਿਵਾਰ ਨਾਲੋਂ ਉਪਰ ਹੁੰਦੇ ਹਨ। ਕਾਵਿ ਸ਼ੈਲੀ ਦੇ ਮਾਹਿਰ ਹੋਣ ਦੇ ਨਾਲ ਨਾਲ ਉਹਨਾਂ ਦੀ ਸੰਸਕ੍ਰਿਤ ਸਾਹਿਤ ਦੀਆਂ ਅਲੱਗ ਅਲੱਗ ਵੰਨਗੀਆਂ ਉਪਰ ਮਜਬੂਰ ਪਕੜ ਸੀ। ਇਸ ਮੌਕੇ ਗਿਆਨ ਚੰਦ ਸ਼ਾਸਤਰੀ, ਰਾਮਫਲ ਸ਼ਾਸਤਰੀ, ਰਮੇਸ਼ ਕੁਮਾਰ ਸ਼ਾਸਤਰੀ ਮੁਦਕੀ , ਭਜਨ ਲਾਲ ਲਹਿਰਾ ਗਾਗਾ, ਪੁਰਸ਼ੋਤਮ ਸ਼ਾਸਤਰੀ ਭੁਟਾਲ ਕਲਾਂ, ਪਰਮਜੀਤ ਸ਼ਰਮਾ ਭੀਖੀ, ਸੱਤਪਾਲ ਸ਼ਾਸਤਰੀ ਸੰਗਰੂਰ, ਭੋਲਾ ਰਾਮ ਬੁਰਜ਼ ਢਿਲਵਾਂ, ਪ੍ਰਗਟ ਰਾਮ, ਗੁਰਮੇਲ ਨੇ ਗੁਰੂ ਜੀ ਦੀ ਅਮੁੱਲੀ ਸ਼ਖਸਿਅਤ ਤੇ ਚਾਨਣਾ ਪਾਇਆ। ਇਸ ਮੌਕੇ ਰਾਮ ਪਾਲ ਛਾਜਲੀ,ਬਰੁਣ ਕੁਮਾਰ ਲਹਿਰਾ , ਰਾਜਵੀਰ ਸ਼ਾਸਤਰੀ ਪੁਜਾਰੀ ਦੁਰਗਾ ਮੰਦਰ ਮਾਈਸਰਖਾਨਾ, ਦੇਸਰਾਜ ਗਰਗ ਮਾਈਸਰਖਾਨਾ, ਓਂਂਮਕਾਰ ਮਾਈਸਰਖਾਨਾ,ਬਲਵੀਰ ਸਿੰਘ, ਮਿੱਠੂ ਸਿੰਘ, ਦਰਸ਼ਨ ਸਿੰਘ, ਭਗਤ ਕਰਤਾਰ ਸਿੰਘ ਨੇ ਵਿਦਿਆਰਥੀਆਂ ਨਾਲ 45 ਸਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।ਗੁਰੂ ਜੀ ਦੀਆਂ ਬਾਕੀ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਲਈ ਮੁਢਲੇ ਵਿਦਿਆਰਥੀ ਸੱਤਪਾਲ ਸ਼ਾਸਤਰੀ ਨੇ ਪੰਜਾਹ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਅਤੇ ਬਾਕੀ ਵਿਦਿਆਰਥੀਆਂ ਨੇ ਵੀ ਪਹਿਲਾਂ ਦੀ ਤਰ੍ਹਾਂ ਆਰਥਿਕ ਸਹਾਇਤਾ ਦੇਣ ਦਾ ਅਹਿਦ ਕੀਤਾ। ਗੁਰੂ ਜੀ ਦੇ ਬੇਟੇ ਰਘੁਬੀਰ ਸ਼ਰਮਾ ਨੇ ਦੂਰੋਂ ਦੂਰੋਂ ਆਏ ਗੁਰੂ ਜੀ ਨਾਲ ਪ੍ਰੇਮ ਰੱਖਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।