ਆਈ ਆਈ ਟੀ ਰੋਪੜ ਅਤੇ ਯੂਬੀਐਸਐਸ ਆਸਟ੍ਰੇਲੀਆ ਵੱਲੋਂ ਉਚੇਰੀ ਸਿੱਖਿਆ ਲਈ ਸਮਝੌਤੇ ‘ਤੇ ਦਸਤਖ਼ਤ
ਚੰਡੀਗੜ੍ਹ, 25 ਅਗਸਤ ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ);
ਪੰਜਾਬ ਦੀ ਮਿੱਟੀ ਦਾ ਕਰਜ਼ ਮੋੜਨ ਅਤੇ ਇੱਥੋਂ ਦੇ ਹੋਣਹਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੇ ਮਕਸਦ ਨਾਲ, ਸਮਾਜ ਸੇਵੀ ਅਤੇ ਆਸਟ੍ਰੇਲੀਆ ਦੇ ਸਫਲ ਅਜੂਕੇਸ਼ਨਲਲਿਸਟ ਗੈਰੀ ਮਲਹੋਤਰਾ ਨੇ ਇਤਿਹਾਸਕ ਕਦਮ ਚੁੱਕਿਆ ਹੈ, ਜੋ ਇੰਟਰਨੈਸ਼ਨਲ ਸਟੱਡੀ ਦੇ ਖੇਤਰ ਵਿਚ ਮੀਲ ਪੱਥਰ ਸਾਬਤ ਹੋਵੇਗਾ। ਯੂਨੀਵਰਸਲ ਬਿਜ਼ਨੈੱਸ ਸਕੂਲ ਸਿਡਨੀ (UBSS) ਆਸਟ੍ਰੇਲੀਆ ਦੇ ਮੰਚ ਤੋਂ ਉਨ੍ਹਾਂ ਨੇ ਪੰਜਾਬ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਉਹ ਰਾਹ ਖੋਲ੍ਹ ਦਿੱਤੇ ਹਨ, ਜਿਨ੍ਹਾਂ ‘ਤੇ ਚੱਲਣ ਤੋਂ ਉਨ੍ਹਾਂ ਨੂੰ ਪੈਸੇ ਦੀ ਤੰਗੀ ਹਮੇਸ਼ਾ ਰੋਕਦੀ ਸੀ।
ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਉੱਘੇ ਬੁੱਧੀਜੀਵੀਆਂ, ਚਿੰਤਕਾਂ, ਪ੍ਰੋਫੈਸਰਾਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਨਾਮੀ ਕਲਾਕਾਰਾਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਗੈਰੀ ਮਲਹੋਤਰਾ ਨੇ ਕਿਹਾ ਕਿ ਪੰਜਾਬ ਦੀ ਅਸਲ ਤਾਕਤ ਇਸ ਦੀ ਜਵਾਨੀ ਹੈ, ਅਤੇ ਜੇਕਰ ਇਸ ਜਵਾਨੀ ਨੂੰ ਸਹੀ ਮੌਕਾ ਦਿੱਤਾ ਜਾਵੇ ਤਾਂ ਉਹ ਦੁਨੀਆ ਫਤਹਿ ਕਰ ਸਕਦੀ ਹੈ। ਇਸੇ ਸੋਚ ਦੇ ਮੱਦੇਨਜ਼ਰ ਯੂਬੀਐਸਐਸ ਵੱਲੋਂ ਹੋਣਹਾਰ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਕਈ ਪ੍ਰੋਗਰਾਮ ਲਾਂਚ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਨੇਕ ਮਿਸ਼ਨ ਦੀ ਆਵਾਜ਼ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ, ਹਰਮਨ ਪਿਆਰੇ ਅਦਾਕਾਰ ਗੁਰਪ੍ਰੀਤ ਘੁੱਗੀ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਇਸ ਮੌਕੇ ਗੈਰੀ ਮਲਹੋਤਰਾ ਦੇ ਵਿਜ਼ਨ ਤਹਿਤ, UBSS ਆਸਟ੍ਰੇਲੀਆ ਨੇ ਭਾਰਤ ਦੀ ਸ਼ਾਨ IIT ਰੋਪੜ ਨਾਲ ਹੱਥ ਮਿਲਾਇਆ ਹੈ। ਇਹ ਸਾਂਝੇਦਾਰੀ ਯਕੀਨੀ ਬਣਾਏਗੀ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਤਕਨੀਕੀ ਗਿਆਨ ਮਿਲੇ, ਤਾਂ ਜੋ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਣ।
ਉਨ੍ਹਾਂ ਦੱਸਿਆ ਕਿ ਯੂਬੀਐਸਐਸ ਵੱਲੋਂ ਲੋੜਵੰਦ, ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਇਕ ਵੱਡੀ ਚਿੰਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸਦੇ ਤਹਿਤ ‘100% ਸੈਲਫ ਸੰਪੋਨਸਰ ਪ੍ਰੋਗਰਾਮ’ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਪੜ੍ਹਾਈ ਕਰਨ ਦਾ ਮੌਕਾ ਦੇਵੇਗਾ।
ਆਪਣੀ ਸਮਾਜ ਸੇਵੀ ਸੰਸਥਾ ‘ਹੈਲਪਿੰਗ ਹੈਂਡ’ ਰਾਹੀਂ ਉਨ੍ਹਾਂ ਨੇ 25 ਅਜਿਹੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਾਲਾਨਾ 100% ਸਕਾਲਰਸ਼ਿਪ ਦੇਣ ਦਾ ਪ੍ਰਣ ਕੀਤਾ ਹੈ, ਜਿਨ੍ਹਾਂ ਦੀ ਗ਼ਰੀਬੀ ਉਨ੍ਹਾਂ ਦੇ ਸੁਪਨਿਆਂ ਦੇ ਰਾਹ ਵਿੱਚ ਆਉਂਦੀ ਹੈ।
ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ
ਮਲੇਰਕੋਟਲਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਗੈਰੀ ਮਲਹੋਤਰਾ ਨੇ ਆਸਟ੍ਰੇਲੀਆ ਦੇ ਸਿਡਨੀ, ਮੈਲਬਾਰਨ ਅਤੇ ਐਡਲਿਡ ਸ਼ਹਿਰਾਂ ਵਿੱਚ ਕਰੀਬ ਇੱਕ ਦਰਜਨ ਸਿੱਖਿਆ ਸੰਸਥਾਨ ਸਥਾਪਤ ਕਰਕੇ ਸਭ ਤੋਂ ਵੱਡੇ ਗਰੁੱਪ ਦਾ ਰੁਤਬਾ ਹਾਸਿਲ ਕੀਤਾ।
ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ ਮੈਨੂੰ ਗੈਰੀ ਮਲਹੋਤਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਇਸ ਵਿਲੱਖਣ ਉਪਰਾਲੇ ਨੂੰ ਦੇਖ ਕੇ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਉਨ੍ਹਾਂ ਨੂੰ ਇਸ ਨਿਵੇਕਲੀ ਪਹਿਲਕਦਮੀ ਲਈ ਵਧਾਈ ਦਿੰਦਾ ਹਾਂ।
ਸਿੱਖਿਆ ਸ਼ਾਸ਼ਤਰੀ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਗੈਰੀ ਮਲਹੋਤਰਾ ਵੱਲੋਂ ‘ਹੈਲਪਿੰਗ ਹੈਂਡ’ ਸੰਸਥਾ ਰਾਹੀਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਸਿਰਫ਼ ਕਾਰੋਬਾਰ ਨਹੀਂ, ਬਲਕਿ ਸਮਾਜ ਪ੍ਰਤੀ ਇੱਕ ਵੱਡੀ ਦੇਣ ਹਨ।
ਇਸ ਮੌਕੇ ਯੂਬੀਐਸਐਸ ਅਤੇ ਜੀਸੀਏ ਆਸਟ੍ਰੇਲੀਆ ਦੇ ਵਾਇਸ ਚਾਂਸਲਰ ਪ੍ਰੋ. ਐਲਨ ਬੋਏਲ ਜੈਮਸ, ਸਾਬਕਾ ਵਾਇਸ ਚਾਂਸਲਰ ਡਾ. ਬੀ.ਐਸ ਘੁੰਮਣ, ਅਮਰੀਕਾ ਦੇ ਸਫਲ ਕਾਰੋਬਾਰੀ ਰਾਜਾ ਬੋਪਾਰਾਏ, ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓਐਸਡੀ ਮਨਜੀਤ ਸਿੰਘ ਸਿੱਧੂ, ਆਈਆਈਟੀ ਰੋਪੜ ਦੀ ਸੀਈਓ ਰਾਧਿਕਾ ਤਰਿੱਖਾ ਸਮੇਤ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।
ਪ੍ਰੋਗਰਾਮ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ, ਸੋਨੀਆ ਮਾਨ, ਗਾਇਕ ਮਨਕੀਰਤ ਔਲਖ, ਕਰਮਜੀਤ ਅਨਮੋਲ, ਸਲੀਮ ਸਿਕੰਦਰ, ਫ਼ਿਲਮ ਅਦਾਕਾਰ ਕੁਲਤਾਰ ਚੀਮਾ, ਲਵ ਗਿੱਲ, ਬਨਿੰਦਰ ਬਨੀ, ਜਰਨੈਲ ਸਿੰਘ, ਆਈਬੀਸੀ ਚੰਡੀਗੜ੍ਹ ਤੋਂ ਪ੍ਰੋਫੈਸਰ ਰੌਣਕੀ ਰਾਮ, ਹੋਪ ਟਰੇਨਿੰਗ ਕਾਲਜ ਦੇ ਆਸਟ੍ਰੇਲੀਅਨ ਰੌਬੀ ਬੈਨੀਪਾਲ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੁਰਮੁੱਖ ਸਿੰਘ ਆਦਿ ਹਾਜਰ ਸਨ।












