ਪੰਜਾਬ ਵਿੱਚ ਮਹਿਲਾ ਕਮਿਸ਼ਨ, ਬਾਲ ਸੁਰੱਖਿਆ ਕਮਿਸ਼ਨ ਅਤੇ ਪੁਲਿਸ ਪ੍ਰਸ਼ਾਸਨ ਬੁਰੀ ਤਰ੍ਹਾਂ ਹੋਏ ਫੇਲ, ਨਾਬਾਲਗ ਬੱਚੀ ਦੀ ਗੋਦ ਵਿੱਚ ਖੇਡਦਾ ਬੱਚਾ ਕਰ ਰਿਹਾ ਇਨਾਂ ਕਮਿਸ਼ਨਾਂ ਅਤੇ ਪੰਜਾਬ ਸਰਕਾਰ ਨੂੰ ਸਵਾਲ
ਸਬੰਧਤ ਅਫਸਰਾਂ ਅਤੇ ਦੋਸ਼ੀ ਦੇ ਪਰਿਵਾਰਿਕ ਮੈਂਬਰਾਂ ਨੂੰ ਘੜੀਸਾਂਗੇ ਮਾਨਯੋਗ ਹਾਈਕੋਰਟ ਵਿੱਚ: ਮੋਰਚਾ ਪ੍ਰਧਾਨ ਬਲਵਿੰਦਰ ਕੁੰਭੜਾ
ਮੋਹਾਲੀ, 27 ਅਗਸਤ ,ਬੋਲੇ ਪੰਜਾਬ ਬਿਉਰੋ:
ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸਤ ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਪਿਛਲੇ ਦਿਨੀ ਕਰੀਬ ਇੱਕ ਸਾਲ ਪਹਿਲਾਂ 16 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਮੋਰਚਾ ਆਗੂਆਂ ਵੱਲੋਂ ਸਦਰ ਥਾਣਾ ਖਰੜ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਗਈ ਸੀ ਤੇ ਸਦਰ ਥਾਣਾ ਖਰੜ ਦੇ ਐਸਐਚਓ ਅਮਨਿੰਦਰ ਸਿੰਘ ਨੇ ਮੋਰਚਾ ਸਥਾਨ ਤੇ ਪਹੁੰਚਕੇ ਪ੍ਰੈਸ ਦੇ ਸਾਹਮਣੇ ਬੱਚੀ ਨੂੰ ਬਰਾਮਦ ਕਰਨ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਸੀ। ਇਹ ਦੱਸਣ ਯੋਗ ਹੈ ਕਿ ਐਫਆਈਆਰ ਨੰਬਰ 195/2024/ਸਦਰ ਥਾਣਾ ਖਰੜ, ਨਾਬਾਲਗ ਬੱਚੀ ਦੇ ਅਗਵਾ ਕਰਕੇ ਜਬਰ ਜਨਾਹ ਤੇ ਕਾਰਵਾਈ ਕਰਦਿਆਂ ਸੁਨਾਮ ਤੋਂ 32 ਸਾਲਾਂ ਲੜਕਾ ਤੇ ਲਗਭਗ 16 ਸਾਲਾਂ ਨਾਬਾਲਗ ਬੱਚੀ ਨੂੰ ਇੱਕ ਸਾਲ ਬਾਅਦ ਬਰਾਮਦ ਕਰਕੇ ਲੈਕੇ ਆਏ ਸਨ। ਨਾਬਾਲਗ ਬੱਚੀ ਦੀ ਮਾਂ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਰਨ ਕਰਕੇ ਦੋਸ਼ੀ ਲੜਕੇ ਨੂੰ ਇੱਕ ਵਾਰ ਗ੍ਰਿਫਤਾਰ ਕਰਕੇ ਜੇਲ ਚ ਨਾ ਭੇਜਣ ਕਰਕੇ ਉਸ ਲੜਕੇ ਨੇ ਮੁੜ ਮੇਰੀ ਨਾਬਾਲਗ ਬੱਚੀ ਨੂੰ ਅਗਵਾਹ ਕੀਤਾ ਤੇ ਕਰੀਬ ਇੱਕ ਸਾਲ ਉਸ ਬੱਚੀ ਨਾਲ ਜ਼ਬਰਦਸਤੀ ਜਬਰ ਜਨਾਹ ਕਰਦਾ ਰਿਹਾ।
ਅੱਜ ਜਦੋਂ ਬੱਚੀ ਨੂੰ ਮੋਹਾਲੀ ਦੇ ਬਾਲ ਸੁਰੱਖਿਆ ਕਮੇਟੀ ਸਾਹਮਣੇ ਪੁਲਿਸ ਨੇ ਪੇਸ਼ ਕੀਤਾ ਤਾਂ ਨਾਬਾਲਗ ਬੱਚੀ ਦੀ ਮਾਤਾ ਦੇ ਹੋਸ਼ ਉੱਡ ਗਏ ਜਦੋਂ ਉਸਨੇ ਆਪਣੀ ਨਾਬਾਲਗ ਬੱਚੀ ਦੀ ਗੋਦ ਵਿੱਚ ਕਰੀਬ ਤਿੰਨ ਚਾਰ ਮਹੀਨਿਆਂ ਦਾ ਇੱਕ ਬੱਚਾ ਦੇਖਿਆ। ਮੋਰਚੇ ਦੇ ਆਗੂ ਪੀੜਿਤ ਮਾਂ ਪੁਨਮ ਰਾਣੀ ਨਾਲ ਬਾਲ ਸੁਰੱਖਿਆ ਕਮੇਟੀ ਨੂੰ ਜਾਕੇ ਸਾਰੀ ਜਾਣਕਾਰੀ ਦਿੱਤੀ ਤਾਂ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਬੱਚੀ ਦੇ ਬਿਆਨ ਤੇ ਅਧਾਰਤ ਕਾਰਵਾਈ ਕਰ ਦਿੱਤੀ ਹੈ। ਇਸ ਨਬਾਲਗ ਬੱਚੀ ਅਤੇ ਉਸ ਦੇ ਗੋਦੀ ਵਿੱਚ ਬੱਚੇ ਨੂੰ ਸਰਕਾਰੀ ਬੱਚਾ ਘਰ ਕਪੂਰਥਲਾ ਚੌਂਕ ਜਲੰਧਰ ਵਿੱਚ ਭੇਜਿਆ ਗਿਆ ਹੈ। ਜਦੋਂ ਐਸਐਚਓ ਥਾਣਾ ਸਦਰ ਖਰੜ ਤੋਂ ਇਸ ਅਗਵਾਕਾਰ ਬਾਰੇ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ 32 ਸਾਲਾ ਅਗਵਾਕਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਨੇ ਪੁਲਿਸ ਨੂੰ ਉਸ ਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੁੰਝਲਦਾਰ ਬਣ ਚੁੱਕਿਆ ਹੈ। ਜਿਸ ਨੂੰ ਕਾਨੂੰਨੀ ਸਲਾਹਕਾਰਾਂ ਨਾਲ ਗੱਲਬਾਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਸੀਂ ਇਸ ਨਾਬਾਲਗ ਬੱਚੀ ਨੂੰ ਇਨਸਾਫ ਦਿਵਾਉਣ ਲਈ ਜਿਨਾਂ ਜਿਨਾਂ ਵਿਭਾਗਾਂ ਦੇ ਅਧਿਕਾਰੀ ਤੇ ਪਰਿਵਾਰਿਕ ਮੈਂਬਰ ਦੋਸ਼ੀ ਪਾਏ ਜਾਣਗੇ ਤੇ ਜਿਸ ਹਸਪਤਾਲ ਵਿੱਚ ਇਸ ਨਾਬਾਲਗ ਬੱਚੀ ਦੀ ਡਲੀਵਰੀ ਹੋਈ ਹੈ, ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਐਸ ਸੀ ਬੀਸੀ ਮੋਰਚੇ ਦੀ ਸਮੁੱਚੀ ਤਾਲਮੇਲ ਕਮੇਟੀ ਆਪਣੀ ਕਾਰਵਾਈ ਜਾਰੀ ਰੱਖੇਗੀ ਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਸ. ਕੁੰਭੜਾ ਨੇ ਕਿਹਾ ਕਿ ਇਨਸਾਫ ਪਸੰਦ ਵਕੀਲ ਇਸ ਨਾਬਾਲਗ ਬੱਚੀਆਂ ਨਾਲ ਹੋ ਰਹੀ ਧੱਕੇਸ਼ਾਹੀਆਂ ਅਤੇ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਨੂੰ ਰੋਕਣ ਲਈ ਅੱਗੇ ਆਉਣ ਤੇ ਕਾਨੂੰਨੀ ਕਾਰਵਾਈ ਵਿੱਚ ਸਾਡਾ ਸਹਿਯੋਗ ਦੇਣ।
ਇਸ ਮੌਕੇ ਨਾਬਾਲਗ ਬੱਚੀ ਦੀ ਮਾਤਾ ਪੂਨਮ ਰਾਣੀ, ਮੋਰਚਾ ਆਗੂ ਸ਼ਿਕਸ਼ਾ ਸ਼ਰਮਾ, ਕਰਮ ਸਿੰਘ ਕੁਰੜੀ, ਬਲਵਿੰਦਰ ਕੌਰ, ਰਜਿੰਦਰ ਕੌਰ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਬੱਬਲ ਚੌਪੜਾ, ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।












