31 ਅਗਸਤ ਦੀ ਸੰਗਰੂਰ ਰੈਲੀ ਮੁਲਤਵੀ- ਕਨਵੀਨਰਜ਼
ਚੰਡੀਗੜ੍ਹ, 30 ਅਗਸਤ ,ਬੋਲੇ ਪੰਜਾਬ ਬਿਉਰੋ;
ਆਸ਼ਾ ਵਰਕਰਜ਼ ਫੈਸਿਲੀਟੇਟਰ ਸਾਂਝਾ ਮੋਰਚਾ ਦੇ ਕਨਵੀਨਰ ਰਾਣੋ ਖੇੜੀ ਗਿੱਲਾਂ, ਸੁਖਵਿੰਦਰ ਕੌਰ ਸੁੱਖੀ, ਅਮਰਜੀਤ ਕੌਰ ਰਣ ਸਿੰਘ ਵਾਲਾ, ਹਰਿੰਦਰ ਕੌਰ, ਸੰਤੋਸ਼ ਕੁਮਾਰੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਅਥੇ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਉਲੀਕੇ ਗਏ ਸੰਘਰਸ਼ ਦੇ ਤਹਿਤ ਮਿਤੀ 25 ਤੋਂ 31 ਅਗਸਤ ਤੱਕ ਸਾਰੇ ਪੰਜਾਬ ਅੰਦਰ ਕੰਮ ਦਾ ਬਾਈਕਾਟ ਕਰਕੇ ਸਫਲ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਅਤੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਅੱਜ ਮਿਤੀ 31 ਅਗਸਤ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕਰਨ ਅਤੇ ਇੱਕ ਸਤੰਬਰ ਤੋਂ ਮੁਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਆਗੂਆਂ ਨੇ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹਨਾਂ ਵਲੋਂ ਕੀਤੇ ਗਏ ਰੋਹ ਭਰਪੂਰ ਐਕਸ਼ਨਾਂ ਸਦਕਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਪੱਤਰ ਨੰਬਰ 18441 ਐਮ.ਏ. ਮਿਤੀ 29-08-2025 ਅਨੁਸਾਰ ਮਿਤੀ 8 ਸਤੰਬਰ ਨੂੰ ਸਾਢੇ ਦਸ ਵਜੇ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਪੰਜਾਬ ਨਾਲ ਮੀਟਿੰਗ ਫਿਕਸ ਕਰਕੇ ਲਿਖਤੀ ਤੌਰ ਤੇ ਪੱਤਰ ਸਾਂਝੇ ਮੋਰਚੇ ਨੂੰ ਭੇਜਿਆ ਗਿਆ ਹੈ। ਆਗੂਆਂ ਨੇ ਕਿਹਾ ਸੰਘਰਸ਼ ਦੇ ਦਬਾਅ ਹੇਠ ਸਿਹਤ ਮੰਤਰੀ ਵਲੋਂ ਦਿੱਤੀ ਗਈ ਲਿਖਤੀ ਮੀਟਿੰਗ ਕਾਰਣ ਸਾਂਝੇ ਫਰੰਟ ਵਲੋਂ ਸੰਗਰੂਰ ਵਿਖੇ ਅੱਜ ਮਿਤੀ 31 ਅਗਸਤ ਨੂੰ ਕੀਤੀ ਜਾਣ ਵਾਲੀ ਸੂਬਾਈ ਰੈਲੀ ਨੂੰ ਹਾਲ ਦੀ ਘੜੀ ਮੁਲਤਵੀ ਕਰਨ ਦਾ ਫੈਸਲੀ ਕੀਤਾ ਗਿਆ ਹੈ ਅਤੇ ਐਲਾਨ ਕੀਤਾ ਗਿਆ ਹੈ ਕਿ ਜੇਕਰ ਮੀਟਿੰਗ ਵਿੱਚ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਜਾਂ ਮੀਟਿੰਗ ਮੁਲਤਵੀ ਕੀਤੀ ਗਈ ਤਾਂ ਸਾਂਝੇ ਫਰੰਟ ਵਲੋਂ ਤੁਰੰਤ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਸਾਂਝੇ ਫੰਟ ਵੱਲੋਂ ਸਮੂਹ ਵਰਕਰਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ।












