ਐਸ.ਏ.ਐਸ.ਨਗਰ 02 ਸਤੰਬਰ,ਬੋਲੇ ਪੰਜਾਬ ਬਿਊਰੋ;
ਪ੍ਰਭਾਵਿਤ ਸਕੂਲ ਲੈਕਚਰਾਰਜ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ 03 ਸਤੰਬਰ ਦਿਨ ਬੁੱਧਵਾਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸਾਹਮਣੇ ਰੋਸ ਧਰਨੇ ਦਾ ਐਲਾਨ ਕੀਤਾ ਗਿਆ ਸੀ । ਇਹਨਾਂ ਲੈਕਚਰਾਰਾਂ ਦਾ ਕਹਿਣਾ ਹੈ ਕਿ ਅਫਸਰਸ਼ਾਹੀ ਅੜਿੱਕਿਆਂ ਕਰਕੇ ਸਿੱਖਿਆ ਸੇਵਾ ਨਿਯਮ 2018 ਨੂੰ ਸੋਧਣ ਵਿੱਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ । ਇਸ ਸਮੇਂ ਇਹਨਾਂ ਸੇਵਾ ਨਿਯਮਾਂ ਨੂੰ ਸੋਧਣ ਸਬੰਧੀ ਭੇਜੀ ਗਈ ਫਾਈਲ ਮੁੱਖ ਸਕੱਤਰ ਪੰਜਾਬ ਕੋਲ ਪਿਛਲੇ ਦੋ ਹਫਤਿਆਂ ਤੋਂ ਵੱਧ ਸਮੇਂ ਤੋਂ ਸਮੇਂ ਪੈਡਿੰਗ ਪਈ ਹੈ ਜਿਸ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਜਿਸ ਕਰਕੇ ਲੈਕਚਰਾਰਾਂ ਵਿੱਚ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ । ਇਹਨਾਂ ਲੈਕਚਰਾਰਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਸਿੱਖਿਆ ਸੇਵਾ ਨਿਯਮ 2018 ਨੂੰ ਸੋਧਣ ਸਬੰਧੀ ਕਾਰਵਾਈ ਕੈਬਨਿਟ ਵਿੱਚੋਂ ਪਾਸ ਕਰਵਾ ਕੇ ਜਲਦੀ 2015 ਦੀ ਲੈਕਚਰਾਰ ਸੀਨੀਆਰਤਾ ਸੂਚੀ ਅਨੁਸਾਰ ਪ੍ਰਿੰਸੀਪਲਾਂ ਵਜੋਂ ਤਰੱਕੀਆਂ ਕਰ ਦਿੱਤੀਆਂ ਜਾਣ । ਇਹਨਾਂ ਮੰਗਾਂ ਨੂੰ ਲੈਕੇ ਹੀ 03 ਸਤੰਬਰ ਦਾ ਧਰਨਾ ਰੱਖਿਆ ਗਿਆ ਸੀ । ਲੈਕਚਰਾਰ ਭੁਪਿੰਦਰ ਸਿੰਘ ਸਮਰਾ, ਸੁਖਬੀਰ ਸਿੰਘ, ਸੁਖਵਿਦੰਰ ਸਿੰਘ, ਸੁਰਜੀਤ ਸਿੰਘ,ਮੁਖਤਿਆਰ ਸਿੰਘ, ਦੀਪਕ ਸ਼ਰਮਾ,ਸੰਜੀਵ ਕੁਮਾਰ ਧਿੰਗੜਾ, ਮਨੋਜ ਕੁਮਾਰ, ਮਨਿੰਦਰ ਕੌਰ, ਸਤਿੰਦਰਜੀਤ ਕੌਰ, ਗੁਰਮੀਤ ਸਿੰਘ, ਅਸ਼ਵਨੀ ਕੁਮਾਰ, ਮੁਖਤਿਆਰ ਸਿੰਘ, ਅਰੁਣ ਕੁਮਾਰ, ਹਰਮੀਤ ਸਿੰਘ, ਜਤਿੰਦਰ ਕੁਮਾਰ,ਜੋਗਿੰਦਰ ਲਾਲ,ਸੰਦੀਪ ਕੁਮਾਰ ਤੇ ਕਈ ਹੋਰਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਹੜ੍ਹਾ ਕਾਰਨ ਮਨੁੱਖੀ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ । ਇਸ ਤੋਂ ਬਿਨ੍ਹਾਂ ਪ੍ਰਸ਼ਾਸ਼ਨ ਵੱਲੋਂ ਵੀ ਫੋਨ ਰਾਂਹੀ ਧਰਨਾ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ । ਅੱਜ ਹੋਈ ਮੀਟਿੰਗ ਵਿੱਚ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਸਰਬਸਮੰਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਮਿਤੀ 03 ਸਤੰਬਰ 2025 ਨੂੰ ਹੋਣ ਵਾਲਾ ਰੋਸ ਧਰਨਾ ਹਾਲ ਦੀ ਘੜੀ ਮੁਲਤਵੀ ਕੀਤਾ ਜਾਂਦਾ ਹੈ ਅਤੇ ਧਰਨੇ ਸਬੰਧੀ ਅਗਲੀ ਤਾਰੀਕ ਦਾ ਐਲਾਨ ਬਾਅਦ ਵਿੱਚ ਜਲਦੀ ਹੀ ਕਰ ਦਿੱਤਾ ਜਾਵੇਗਾ । ਇਸ ਤੋਂ ਬਿਨ੍ਹਾਂ ਇਹਨਾਂ ਦਿਨਾਂ ਦੌਰਾਨ ਯੂਨੀਅਨ ਹੜ੍ਹ ਪੀੜਤਾਂ ਦੀ ਹਰ ਪੱਖ ਤੋਂ ਸੇਵਾ ਕਰੇਗੀ ਅਤੇ ਪ੍ਰਸ਼ਾਸ਼ਨ ਨੂੰ ਆਪਣਾ ਬਣਦਾ ਸਹਿਯੋਗ ਦੇਵੇਗੀ ।












