5 ਪੀੜਤ ਕਿਸਾਨ ਪਰਿਵਾਰਾਂ ਨੇ ਕੀਤਾ ਐਲਾਨ, ਆਪਣੇ ਪਰਿਵਾਰਾਂ ਨੂੰ ਨਾਲ ਲੈਕੇ ਅਣਮਿਥੇ ਸਮੇਂ ਲਈ ਦੇਵਾਂਗੇ ਐਸ.ਐਸ.ਪੀ. ਮੋਹਾਲੀ ਦਫਤਰ ਅੱਗੇ ਧਰਨਾ
ਐਸ ਸੀ ਬੀਸੀ ਮੋਰਚਾ ਆਗੂਆਂ ਨੇ ਐਲਾਨ ਕੀਤਾ ਜੇ 15 ਦਿਨਾਂ ਅੰਦਰ ਧੋਖੇਬਾਜ਼ ਭੂ ਮਾਫੀਆ ਤੇ ਨਾ ਹੋਈ ਕਾਰਵਾਈ ਤਾਂ ਕੀਤਾ ਜਾਵੇਗਾ ਐਸ.ਐਸ.ਪੀ. ਮੋਹਾਲੀ ਦਾ ਘਿਰਾਓ
ਮੋਹਾਲੀ, 2 ਸਤੰਬਰ,ਬੋਲੇ ਪੰਜਾਬ ਬਿਊਰੋ;
ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਅੱਜ 5 ਪੀੜਿਤ ਪਰਿਵਾਰਾਂ ਨੇ ਭੂਮਾਫੀਆ ਗਰੁੱਪ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮਿਲਕੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਪ੍ਰੈਸ ਸਾਹਮਣੇ ਵੱਡੇ ਖੁਲਾਸੇ ਕੀਤੇ। ਪੀੜਿਤ ਕਿਸਾਨਾਂ ਤੇ ਧੋਖਾਧੜੀ ਕਰਨ ਵਾਲਿਆਂ ਨੇ ਐਫਆਈਆਰ ਦਰਜ ਵੀ ਕਰਵਾਈਆਂ। ਜਿਸ ਕਾਰਨ ਇੱਕ ਪੀੜਿਤ ਕਿਸਾਨ ਅੱਜ ਵੀ ਜੇਲ ਵਿੱਚ ਬੈਠਾ ਹੈ। ਇੱਕ 95 ਸਾਲਾ ਦੇ ਬਜ਼ੁਰਗ ਤੇ ਵੀ ਐਫਆਈਆਰ ਦਰਜ ਕਰਵਾਈ ਗਈ। ਇਹ ਮਾਮਲਾ ਪਿੰਡ ਜੌਲਾ, ਤਸਿੰਬਲੀ ਤੇ ਮੁੱਲਾਂਪੁਰ ਦੇ ਕਿਸਾਨਾਂ ਨਾਲ ਵਾਪਰਿਆ। ਜਿਸ ਦੇ ਬਾਬਤ ਸਾਰੇ ਕੇਸ ਡੇਰਾ ਬੱਸੀ ਅਦਾਲਤ ਵਿੱਚ ਚੱਲ ਰਹੇ ਹਨ। ਪੀੜਿਤ ਕਿਸਾਨਾਂ ਨੇ ਦੱਸਿਆ ਕਿ ਧੋਖਾਧੜੀ ਕਰਨ ਵਾਲੇ ਵਿਅਕਤੀ ਅਜੈਬ ਸਿੰਘ ਅਤੇ ਕਰਮ ਸਿੰਘ ਆਦਿ ਨੇ ਲੋਕਾਂ ਨੂੰ ਬੈਂਕ ਕਰਜ਼ਿਆਂ ਦੇ ਬਹਾਨੇ ਲਗਾਕੇ ਅਤੇ ਮੁਫਤ ਧਾਰਮਿਕ ਯਾਤਰਾਵਾਂ ਕਰਵਾਉਣ ਦੇ ਬਹਾਨੇ ਲਗਾਕੇ ਅਨਪੜ ਤੇ ਭੋਲੇ ਭਾਲੇ ਕਿਸਾਨਾਂ ਨੂੰ ਠੱਗਿਆ ਹੈ। ਕਈਆਂ ਤੋਂ ਉਹਨਾਂ ਨੇ ਬੈਂਕ ਅਕਾਊਂਟ ਵਿੱਚ ਰਕਮ ਪਾਕੇ ਕੈਸ਼ ਕਢਵਾਕੇ ਵਾਪਸ ਲੈ ਲਈ। ਇਹਨਾਂ ਭੂਮਾਫੀਆ ਸਰਗਣਿਆ ਤੇ ਧੋਖਾਧੜੀ ਦੇ ਪਹਿਲਾਂ ਵੀ ਕਈ ਕੇਸ ਚੱਲ ਰਹੇ ਹਨ।
ਅੱਜ ਪ੍ਰੈਸ ਦੇ ਸਾਹਮਣੇ ਕਿਸਾਨਾਂ ਨੇ ਆਪਣੇ ਦੁਖੜੇ ਰੋਏ। ਥਾਣਾ ਹੰਡੇਸਰਾ ਤੋਂ ਲੈਕੇ ਡੀ.ਐਸ.ਪੀ. ਡੇਰਾ ਬੱਸੀ, ਐਸ.ਐਸ.ਪੀ. ਮੋਹਾਲੀ ਅਤੇ ਡੀ.ਜੀ.ਪੀ. ਪੰਜਾਬ ਤੱਕ ਭੇਜੀਆਂ ਦਰਖਾਸਤਾਂ ਦਿਖਾਉਂਦੇ ਹੋਏ ਕਿਹਾ ਕਿ 4 ਮਹੀਨੇ ਬੀਤਣ ਤੋਂ ਬਾਅਦ ਵੀ ਸਾਨੂੰ ਇਨਸਾਫ ਨਹੀਂ ਮਿਲਿਆ। ਉਲਟਾ ਪੁਲਿਸ ਅਧਿਕਾਰੀ ਸਾਨੂੰ ਦੂਸਰੇ ਤੀਸਰੇ ਦਿਨ ਥਾਣੇ ਵਿੱਚ ਬੁਲਾਕੇ ਤੰਗ ਪਰੇਸ਼ਾਨ ਕਰ ਰਹੇ ਹਨ। ਜਦੋਂ ਕਿ ਸਾਡੀ ਮੰਗ ਇਹ ਹੈ ਕਿ ਸਾਡੇ ਵੱਲੋਂ ਦਿੱਤੀਆਂ ਦਰਖਾਸਤਾਂ ਤੇ ਕਾਰਵਾਈ ਕਰਦਿਆਂ ਸਾਨੂੰ ਇਨਸਾਫ ਦਿੱਤਾ ਜਾਵੇ।
ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮੋਰਚਾ ਆਗੂਆਂ ਅਤੇ ਇਹਨਾਂ ਪੀੜਤ ਕਿਸਾਨ ਪਰਿਵਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਪੁਲਿਸ ਪ੍ਰਸ਼ਾਸਨ ਮੋਹਾਲੀ, ਐਸ.ਐਸ.ਪੀ. ਮੋਹਾਲੀ ਅਤੇ ਡੀ.ਜੀ.ਪੀ. ਪੰਜਾਬ ਨੂੰ ਐਲਾਨ ਕੀਤਾ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਇਹਨਾਂ ਪੀੜਤ ਕਿਸਾਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਨਾਲ ਲੈਕੇ ਐਸ.ਐਸ.ਪੀ. ਮੋਹਾਲੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਜੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਮੋਹਾਲੀ ਹੋਵੇਗਾ।
ਇਸ ਮੌਕੇ ਮੋਰਚਾ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਸਿਮਰਨਜੀਤ ਸਿੰਘ ਸ਼ੈਕੀ, ਮਾਸਟਰ ਬਨਵਾਰੀ ਲਾਲ, ਗੁਰਮੁਖ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਕੁਲਜੀਤ ਸਿੰਘ, ਗੁਰਦੀਪ ਸਿੰਘ, ਮਨਜੇਸ਼ ਸਿੰਘ, ਜਗਦੀਪ ਸਿੰਘ ਜੱਗੀ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਜਸਵੀਰ ਸਿੰਘ ਮਹਿਤਾ, ਹਰਵਿੰਦਰ ਸਿੰਘ, ਹਰਪਾਲ ਸਿੰਘ ਢਿੱਲੋ, ਬੱਬਲ ਚੌਪੜਾ ਆਦਿ ਹਾਜ਼ਰ ਹੋਏ।












