ਚੰਡੀਗੜ੍ਹ, 3 ਸਤੰਬਰ,ਬੋਲੇ ਪੰਜਾਬ ਬਿਊਰੋ;
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਹੈ। ਬਾਜਵਾ ਨੇ ਦੋਸ਼ ਲਗਾਇਆ ਕਿ “ਆਪ” ਸਰਕਾਰ ਨੇ ਪ੍ਰਸ਼ਾਸਨ ਨੂੰ ਲੋਕ-ਭਲਾਈ ਤੋਂ ਹਟਾ ਕੇ ਰਾਜਨੀਤਿਕ ਬਦਲੇ ਦੀ ਭਾਵਨਾ ਦਾ ਖੇਡ-ਮੈਦਾਨ ਬਣਾ ਦਿੱਤਾ ਹੈ।
ਬਾਜਵਾ ਨੇ ਖ਼ਾਸ ਤੌਰ ’ਤੇ ਸਨੌਰ ਤੋਂ “ਆਪ” ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਖ਼ਿਲਾਫ਼ ਦਰਜ ਹੋਈ ਐਫਆਈਆਰ ਨੂੰ “ਸੱਤਾਧਾਰੀ ਪਾਰਟੀ ਦੇ ਨੈਤਿਕ ਤੇ ਕਾਨੂੰਨੀ ਪਤਨ ਦੀ ਮਿਸਾਲ” ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਕੇਸ ਸਿਰਫ਼ ਇਕ ਵਿਧਾਇਕ ਦੀ ਗ੍ਰਿਫ਼ਤਾਰੀ ਨਹੀਂ, ਸਗੋਂ ਮਾਨ ਸਰਕਾਰ ਦੇ ਅੰਦਰ ਨਿਆਂ ਪ੍ਰਣਾਲੀ ਦੀ ਡੁੱਬਦੀ ਹਾਲਤ ਦਾ ਸਪਸ਼ਟ ਸੰਕੇਤ ਹੈ।
ਵਿਰੋਧੀ ਧਿਰ ਦੇ ਆਗੂ ਨੇ ਸਵਾਲ ਉਠਾਇਆ ਕਿ ਜਦੋਂ ਸ਼ਿਕਾਇਤ 2022 ਵਿਚ ਹੀ ਹੋ ਗਈ ਸੀ, ਤਾਂ ਤਿੰਨ ਸਾਲ ਤੱਕ ਸਰਕਾਰ ਕਿਉਂ ਚੁੱਪ ਰਹੀ? ਹੁਣ ਅਚਾਨਕ ਗ੍ਰਿਫ਼ਤਾਰੀ ਦਾ ਸਮਾਂ ਕਿਉਂ ਚੁਣਿਆ ਗਿਆ? ਬਾਜਵਾ ਨੇ ਕਿਹਾ ਕਿ ਇਹ ਸਭ ਕੁਝ ਆਪਣੇ ਆਪ ਬਿਆਨ ਕਰਦਾ ਹੈ ਕਿ ਮਾਮਲਾ ਸਿਰਫ਼ ਨਿਆਂ ਦਾ ਨਹੀਂ, ਸਗੋਂ ਰਾਜਨੀਤਿਕ ਹਿਸਾਬ-ਕਿਤਾਬ ਦਾ ਹੈ।












