ਫਿਰੋਜ਼ਪੁਰ, 6 ਸਤੰਬਰ,ਬੋਲੇ ਪੰਜਾਬ ਬਿਊਰੋ;
ਭਾਰਤੀ ਫੌਜ ਵੱਲੋਂ ਚੱਲ ਰਹੀ ਅਗਨੀਵੀਰ ਭਰਤੀ ਮੁਹਿੰਮ ਦੌਰਾਨ ਫਿਰੋਜ਼ਪੁਰ ਵਿੱਚ ਵੱਡਾ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਮੀਦਵਾਰਾਂ ਨੂੰ ਮੈਡੀਕਲ ਟੈਸਟ ਪਾਸ ਕਰਵਾਉਣ ਦਾ ਝਾਂਸਾ ਦੇ ਕੇ ਪੈਸੇ ਹੜਪਣ ਵਾਲੇ ਦੋ ਸ਼ਰਾਰਤੀ ਤੱਤਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਕਾਊਂਟਰ ਇੰਟੈਲੀਜੈਂਸ ਡੀਟੈਚਮੈਂਟ, ਵੈਸਟਰਨ ਕਮਾਂਡ ਇੰਟੈਲੀਜੈਂਸ ਬਟਾਲੀਅਨ ਵੱਲੋਂ 4 ਅਕਤੂਬਰ ਨੂੰ ਜਾਰੀ ਪੱਤਰ ਨੰਬਰ 449 ਵਿੱਚ ਖੁਲਾਸਾ ਕੀਤਾ ਗਿਆ ਕਿ ਹਰਗੋਵਿੰਦ ਸਿੰਘ ਉਰਫ਼ ਸ਼ੇਰਾ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨਾਂ ਦੇ ਵਿਅਕਤੀ ਉਮੀਦਵਾਰਾਂ ਤੋਂ ਰਿਸ਼ਵਤ ਵਸੂਲ ਰਹੇ ਸਨ। ਦੋਵੇਂ ਨਕਲੀ ਦਾਅਵਿਆਂ ਰਾਹੀਂ ਮੈਡੀਕਲ ਟੈਸਟ ਪਾਸ ਕਰਵਾਉਣ ਦੀ ਗਰੰਟੀ ਦਿੰਦੇ ਅਤੇ ਉਮੀਦਵਾਰਾਂ ਦੇ ਅਸਲ ਸਿੱਖਿਆ ਸਰਟੀਫਿਕੇਟ ਤੇ ਦਾਖਲਾ ਕਾਰਡ ਵੀ ਹਥਿਆ ਲੈਂਦੇ ਸਨ।
ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਖ਼ਿਲਾਫ਼ ਧਾਰਾ 318 ਅਤੇ 61(2) ਬੀਐੱਨਐੱਸ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।
ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਸੰਭਵ ਹੈ ਕਿ ਇਸ ਗਿਰੋਹ ਵਿੱਚ ਹੋਰ ਲੋਕ ਵੀ ਸ਼ਾਮਲ ਹੋਣ।












