ਮੋਹਾਲੀ 8 ਸਤੰਬਰ ,ਬੋਲੇ ਪੰਜਾਬ ਬਿਊਰੋ;
ਸਟਾਰ ਪਲੱਸ ਉਤੇ 8 ਸਤੰਬਰ,ਸ਼ਾਮ 7.30 ਵਜੇ ਤੋਂ ਪ੍ਰਸਾਰਿਤ ਹੋਣ ਜਾ ਰਹੇ ਹਿੰਦੀ ਲੜੀਵਾਰ ‘ਸੰਪੂਰਨਾ’ ਵਿਚ ਸਰਘੀ ਕਲਾ ਕੇਂਦਰ ਦੇ ਜਨਰਲ ਸਕੱਤਰ ਕੁੱਕੂ ਦੀਵਾਨ ਹੀਰੋ ਦੇ ਪਿਤਾ ਦੇ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ ਜਿਕਰਯੋਗ ਹੈ ਕਿ ਪ੍ਰਸਿੱਧ ਬੰਗਾਲੀ ਵੇਬਸੀਰੀਜ਼ ਨੋਸ਼ਤੋਨੀਰ (NOSHTONEER) ਦੇ ਹਿੰਦੀ ਰੀਮੇਕ ਦਾ ਟੀਜ਼ਰ ਚਰਚਿੱਤ ਫਿਲਮ ਅਦਾਕਾਰ ਅਤੇ ਸਮਾਜਿਕ ਕਾਰਕੁਨ ਸੋਨੂੰ ਸੂਦ ਰਲੀਜ਼ ਕਰਨਗੇ।ਇਹ ਜਾਣਕਾਰੀ ਦਿੰਦਿਆਂ ਨਾਟਕਰਮੀ ਸੰਜੀਵਨ ਸਿੰਘ ਨੇ ਦੱਸਿਆ ਕਿ ਤਕਰੀਬਨ ਸਾਢੇ ਚਾਰ ਦਹਾਕੇ ਪਹਿਲਾਂ ਬਾਲ ਉਮਰੇ ਰਾਮ ਲੀਲਾ ਰਾਹੀਂ ਅਹਿਮ ਰੋਲ ਨਾਲ ਮੰਚ ਉਤੇ ਆਪਣੀ ਹਾਜ਼ਰੀ ਲਵਾਉਂਣ ਤੋਂ ਬਾਅਦ ਕੁੱਕੂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਰਾਮ ਲੀਲਾ ਵਿਚ ਨਿਰਦੇਸ਼ਨਾ ਤੱਕ ਦਾ ਸਫ਼ਰ ਤੈਅ ਕੀਤਾ।ਪੰਜਾਬੀ ਰੰਗਮੰਚ ਦੇ ਖੇਤਰ ਵਿਚ ਸਰਘੀ ਕਲਾ ਕੇਂਦਰ ਰਾਹੀਂ ਨਾਟਕ ‘ਡੈਣ’ ਵਿਚ ਇਕ ਨਿੱਕੇ ਜਿਹੇ ਰੋਲ ਨਾਲ ਪ੍ਰਵੇਸ਼ ਕੀਤਾ। ਸਿਰੜ ਅਤੇ ਜਨੂੰਨ ਨਾਲ ਕੁੱਕੂ ਅੱਜ ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਸੰਸਾਰ ਵਿੱਚ ਜ਼ਿਕਰਯੋਗ ਨਾਂ ਬਣ ਚੁੱਕਾ ਹੈ।












