ਸੰਗਰੂਰ 10 ਸਤੰਬਰ ,ਬੋਲੇ ਪੰਜਾਬ ਬਿਊਰੋ;
ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਹੜ੍ਹ ਰਾਹਤ ਫੰਡ ਵਜੋਂ 1600 ਕਰੋੜ ਰੁਪਏ ਦੇਣ ’ਤੇ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨ ਦੀ ਬਜਾਏ ਉਨ੍ਹਾਂ ਦਾ ਧੰਨਵਾਦ ਕਰੇ ਅਤੇ ਇਹ ਯਕੀਨੀ ਬਣਾਵੇ ਕਿ ਕੇਂਦਰ ਵੱਲੋਂ ਭੇਜਿਆ ਪੈਸਾ ਸਹੀ ਕੰਮ ਲਈ ਖਰਚ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਵਾਪਸ ਆਏ ਅਰਵਿੰਦ ਖੰਨਾ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕੰਮਾਂ ਲਈ ਦਿੱਤਾ ਗਿਆ ਫੰਡ ਪੰਜਾਬ ਸਰਕਾਰ ਹੋਰ ਕੰਮਾਂ ਤੇ ਖਰਚਦੀ ਰਹੀ ਹੈ, ਜਿਸ ਕਰਕੇ ਆਮ ਜਨਤਾ ਤੱਕ ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਨਹੀਂ ਪਹੁੰਚਿਆ।
ਖੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਪੰਜਾਬ ਨੂੰ ਆਪਦਾ ਪ੍ਰਬੰਧਨ ਲਈ 12 ਹਜ਼ਾਰ ਕਰੋੜ ਦਿੱਤੇ ਜਾ ਚੁੱਕੇ ਹਨ। ਹੁਣ ਸੂਬਾ ਸਰਕਾਰ ਪੰਜਾਬ ਵਾਸੀਆਂ ਨੂੰ ਦੱਸੇ ਕਿ ਇਹ ਪੈਸਾ ਕਿੱਥੇ ਖਰਚ ਕੀਤਾ ਗਿਆ ਹੈ। ਇੰਨੀ ਵੱਡੀ ਰਕਮ ਮਿਲਣ ਦੇ ਬਾਵਜੂਦ ਵੀ ਪੰਜਾਬ ਕਿਉਂ ਡੁੱਬਿਆ ਹੈ, ਇਸਦਾ ਜਵਾਬ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਣਾ ਹੋਵੇਗਾ।
ਸਾਬਕਾ ਵਿਧਾਇਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮਿਲਣ ਵਾਲੇ ਕਿਸਾਨਾਂ ਨੇ ਵੀ ਉਨ੍ਹਾਂ ਦੇ ਸਾਹਮਣੇ ਰਾਵੀ ਦਰਿਆ ’ਤੇ ਧੂਸੀ ਬੰਨ੍ਹ ਦੇ ਟੁੱਟਣ ਲਈ ਗੈਰਕਾਨੂੰਨੀ ਮਾਇੰਨਿੰਗ ਨੂੰ ਜ਼ਿੰਮੇਵਾਰ ਦੱਸਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਪੋਸਟ ਦਾ ਖੰਡਨ ਕਰਨ ਵਾਲੇ ਪੰਜਾਬ ਦੇ ਮੰਤਰੀ ਹੁਣ ਗੁਰਦਾਸਪੁਰ ਅਤੇ ਪਠਾਨਕੋਟ ਦੀ ਜਨਤਾ ਨੂੰ ਗੈਰਕਾਨੂੰਨੀ ਮਾਇੰਨਿੰਗ ਦੇ ਮਸਲੇ ’ਤੇ ਜਵਾਬ ਦੇਣ।
ਅਰਵਿੰਦ ਖੰਨਾ ਨੇ ਕਿਹਾ ਕਿ 1600 ਕਰੋੜ ਰੁਪਏ ਕੇਵਲ ਅਗਾਊਂ ਰਾਹਤ ਰਕਮ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਹੜ੍ਹ ਰਾਹਤ ਫੰਡ ਅਤੇ ਹੜ੍ਹ ਪੀੜਤਾਂ ਦੀ ਮਦਦ ਵਿੱਚ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਪਰ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਇਹ ਯਕੀਨੀ ਬਣਾਵੇ ਕਿ ਕੇਂਦਰ ਤੋਂ ਜਿਸ ਕੰਮ ਲਈ ਪੈਸਾ ਆਉਂਦਾ ਹੈ, ਉਸੇ ਕੰਮ ਵਿੱਚ ਖਰਚ ਕੀਤਾ ਜਾਵੇ ਅਤੇ ਹਰ ਵਿਅਕਤੀ ਤੱਕ ਇਮਾਨਦਾਰੀ ਨਾਲ ਲਾਭ ਪਹੁੰਚੇ। ਭਾਜਪਾ ਨੇਤਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਰਕਮ ਅਤੇ ਇਸ ਦੇ ਖਰਚ ਦਾ ਵੇਰਵਾ ਪੰਜਾਬ ਸਰਕਾਰ ਜਨਤਕ ਕਰੇ, ਤਾਂ ਜੋ ਲੋਕਾਂ ਨੂੰ ਹਕੀਕਤ ਦਾ ਪਤਾ ਲੱਗ ਸਕੇ।












