ਆਨਸਕਰੀਨ ਪੇਪਰ ਮਾਰਕਿੰਗ ਬਣੀ ਅਧਿਆਪਕਾਂ ਲਈ ਸਿਰਦਰਦੀ

ਚੰਡੀਗੜ੍ਹ ਪੰਜਾਬ

ਚੈੱਕ ਕੀਤਾ ਪੇਪਰ ਸਬਮਿਟ ਕਰਨ ਵਿੱਚ ਦਿੱਕਤਾਂ, ਸਮੇਂ ਅਤੇ ਨਿਗ੍ਹਾ ਦੀ ਬਰਬਾਦੀ

ਚੰਡੀਗੜ੍ਹ10 ਸਤੰਬਰ, ਬੋਲੇ ਪੰਜਾਬ ਬਿਊਰੋ;

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਨੁਪੂਰਕ ਪ੍ਰੀਖਿਆ 2025 ਦੀ ਆਨ ਸਕਰੀਨ ਪੇਪਰ ਮਾਰਕਿੰਗ ਕਰਵਾਏ ਜਾਣ ਦੀ ਡੀ ਟੀ ਐੱਫ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਬੋਰਡ ਨੇ ਪੇਪਰ ਦੀ ਹਾਰਡ ਕਾਪੀਆਂ ਮੁਲਾਂਕਣ ਕੇਂਦਰ ਵਿੱਚ ਭੇਜਣ ਤੋਂ ਬਚਣ ਦੀ ਖਾਤਰ ਅਧਿਆਪਕਾਂ ਦੀ ਆਈ ਡੀ ਵਿੱਚ ਭੇਜੇ ਆਨ ਲਾਈਨ ਪੇਪਰ ਤੋਂ ਮੁਲਾਂਕਣ ਕਰਨ ਦੇ ਹੁਕਮ ਚਾੜ੍ਹੇ ਹਨ। ਡੀ ਟੀ ਐੱਫ ਵੱਲੋਂ ਇਸਨੂੰ ਤੁਰੰਤ ਬੰਦ ਕਰਕੇ ਪਹਿਲਾਂ ਤੋਂ ਚੱਲ ਰਹੀ ਆਫ ਲਾਈਨ ਵਿਧੀ ਅਪਣਾਏ ਜਾਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕ ਦੀ ਆਈ ਡੀ ਵਿੱਚ ਆਨ ਲਾਈਨ ਉੱਤਰ ਪੱਤਰੀਆਂ ਭੇਜ ਕੇ ਪੇਪਰ ਮਾਰਕਿੰਗ ਕੰਪਿਊਟਰ ਸਕਰੀਨ ਤੋਂ ਵੇਖਦੇ ਹੋਇਆਂ ਕਰਨ ਦੀ ਹਦਾਇਤ ਕੀਤੀ ਗਈ ਹੈ। ਉੱਤਰ ਪੱਤਰੀਆਂ ਦੀ ਹਾਰਡ ਕਾਪੀਆਂ ਤੋਂ ਮਾਰਕਿੰਗ ਕਰਨ ਦੀ ਬਜਾਏ ਕੰਪਿਊਟਰ ਦੀ ਸਕਰੀਨ ਤੇ ਖੁੱਲ੍ਹੀਆਂ ਉੱਤਰ ਪੱਤਰੀਆਂ ਦੀਆਂ ਸੌਫਟ ਕਾਪੀਆਂ ਨੂੰ ਦੇਖ ਕੇ ਮਾਰਕਿੰਗ ਕਰਨਾ ਨਾ ਸਿਰਫ ਔਖਾ ਕੰਮ ਹੈ ਸਗੋਂ ਨਿਗ੍ਹਾ ਦਾ ਖੌਅ ਵੀ ਬਣ ਰਿਹਾ ਹੈ। ਇਸਤੋਂ ਇਲਾਵਾ ਪੇਪਰ ਮਾਰਕਿੰਗ ਉਪਰੰਤ ਅੰਕ ਸਬਮਿਟ ਕਰਨ ਵਿੱਚ ਆ ਰਹੀ ਸਮੱਸਿਆ ਕਾਰਣ ਅਧਿਆਪਕਾਂ ਨੇ ਕੇਂਦਰ ਸੰਚਾਲਕਾਂ ਨੂੰ ਇਤਰਾਜ਼ ਦਰਜ਼ ਕਰਵਾਇਆ ਹੈ ਕਿ ਕਈ ਅਧਿਆਪਕਾਂ ਵੱਲੋਂ ਅੰਕ ਸਬਮਿਟ ਕਰਦਿਆਂ ਸਮੇਂ ਤਕਨੀਕੀ ਸਮੱਸਿਆ ਆਉਣ ਕਰਕੇ ਪੂਰੇ ਦਾ ਪੂਰੇ ਪੇਪਰ ਦੇ ਅੰਕ ਸ਼ੁਰੂ ਤੋਂ ਚੜ੍ਹਾਉਣੇ ਪੈਂਦੇ ਹਨ। ਅਧਿਆਪਕਾਂ ਨੇ ਡੀ ਟੀ ਐੱਫ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਉਨ੍ਹਾਂ ਨੂੰ ਇੱਕ ਇੱਕ ਪੇਪਰ ਦੇ ਅੰਕ ਤਿੰਨ ਵਾਰ ਐਂਟਰੀ ਕਰਨੀ ਪੈ ਰਹੀ ਹੈ ਫਿਰ ਜਾ ਕੇ ਉਹ ਅੰਕ ਸਬਮਿਟ ਹੋ ਸਕੇ। ਇਸ ਤਰ੍ਹਾਂ ਇੱਕ ਪੇਪਰ ਦੀ ਮਾਰਕਿੰਗ ਅਤੇ ਇਸ ਉਪਰੰਤ ਅੰਕ ਸਬਮਿਟ ਕਰਨ ਤੇ 40 ਤੋਂ 45 ਮਿੰਟ ਤੱਕ ਲੱਗ ਰਹੇ ਹਨ। ਅਜਿਹਾ ਕਰਨ ਵਿੱਚ ਉਨ੍ਹਾਂ ਦਾ ਨਾ ਸਿਰਫ ਸਮਾਂ ਸਗੋਂ ਅੱਖਾਂ ਵੀ ਖਰਾਬ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਆਨ ਸਕਰੀਨ ਪੇਪਰ ਮਾਰਕਿੰਗ ਕਰਨ ਨਾਲ ਗਲਤ ਮਾਰਕਿੰਗ ਦੀ ਸੰਭਾਵਨਾ ਵੀ ਵਧੇਗੀ, ਅਜਿਹਾ ਹੋਣ ਦੀ ਹਾਲਤ ਵਿੱਚ ਵਿਦਿਆਰਥੀਆਂ ਦੇ ਭਵਿੱਖ ਨਾਲ ਹੋਣ ਵਾਲੇ ਖਿਲਵਾੜ ਲਈ ਜ਼ਿੰਮੇਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਹੋਵੇਗਾ। ਹਾਰਡ ਕਾਪੀਆਂ ਤੋਂ ਪੇਪਰ ਮਾਰਕਿੰਗ ਕਰਨਾ ਬਿਨਾਂ ਸ਼ੱਕ ਅਧਿਆਪਕਾਂ ਦਾ ਕੰਮ ਹੈ, ਪਰ ਅੰਕਾਂ ਨੂੰ ਆਨ ਲਾਈਨ ਇੰਦਰਾਜ਼ ਕਰਨ ਅਤੇ ਸਬਮਿਟ ਕਰਨ ਦਾ ਕੰਮ ਅਧਿਆਪਕਾਂ ਦਾ ਨਹੀਂ ਸਗੋਂ ਡਾਟਾ ਐਂਟਰੀ ਆਪਰੇਟਰਾਂ ਦਾ ਹੈ। ਡੀ ਟੀ ਐੱਫ ਭਾਂਵੇ ਤਕਨੀਕ ਦੀ ਧੁਰ ਵਿਰੋਧੀ ਨਹੀਂ ਹੈ ਪਰ ਬਿਨਾਂ ਕਾਰਣ ਅਧਿਆਪਕਾਂ ਦੀ ਖੱਜਲਖੁਆਰੀ ਦੇ ਬਿਲਕੁਲ ਖਿਲਾਫ ਹੈ। ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਤੋਂ ਪੇਪਰ ਮਾਰਕਿੰਗ ਕਰਾਉਣ ਸਮੇਂ ਅੱਠਵੀਂ ਸ਼੍ਰੇਣੀ ਦੀ ਪੇਪਰ ਮਾਰਕਿੰਗ ਲਈ ਕੋਈ ਰਾਸ਼ੀ ਨਹੀਂ ਦਿੱਤੀ ਜਾਂਦੀ ਅਤੇ ਦਸਵੀਂ ਸ਼੍ਰੇਣੀ ਦੀ ਪੇਪਰ ਮਾਰਕਿੰਗ ਲਈ ਦਿੱਤੀ ਜਾਣ ਵਾਲੀ ਰਾਸ਼ੀ ਬਹੁਤ ਹੀ ਨਿਗੁਣੀ ਜਿਹੀ ਹੈ, ਜਦਕਿ ਕੇਂਦਰੀ ਬੋਰਡ ਵੱਲੋਂ ਪੇਪਰ ਮਾਰਕਿੰਗ ਲਈ ਦਿੱਤੀ ਜਾਣ ਵਾਲੀ ਰਾਸ਼ੀ ਕਿਤੇ ਵੱਧ ਹੈ। ਅਜਿਹੀ ਸਥਿਤੀ ਵਿੱਚ ਡੀ ਟੀ ਐੱਫ ਅਧਿਆਪਕਾਂ ਉੱਤੇ ਥੋਪੀ ਜਾ ਰਹੀ ਆਨ ਸਕਰੀਨ ਮਾਰਕਿੰਗ ਨੂੰ ਸਹਿਣ ਨਹੀਂ ਕਰੇਗੀ ਅਤੇ ਇਸਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਪੇਪਰ ਮਾਰਕਿੰਗ ਲਈ ਪੇਪਰਾਂ ਦੀਆਂ ਹਾਰਡ ਕਾਪੀਆਂ ਦਿੱਤੀਆਂ ਜਾਣ ਅਤੇ ਅੰਕ ਇੰਦਰਾਜ਼ ਕਰਨ ਦਾ ਕੰਮ ਡਾਟਾ ਐਂਟਰੀ ਆਪਰੇਟਰਾਂ ਤੋਂ ਕਰਵਾਇਆ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।