ਹੁਸ਼ਿਆਰਪੁਰ, 11 ਸਤੰਬਰ,ਬੋਲੇ ਪੰਜਾਬ ਬਿਊਰੋ;
ਅੱਜ ਸਵੇਰੇ ਲਗਭਗ ਸਵਾ ਅੱਠ ਵਜੇ ਮਾਹਿਲਪੁਰ-ਹੁਸ਼ਿਆਰਪੁਰ ਰੋਡ ’ਤੇ ਪਿੰਡ ਬਾਹੋਵਾਲ ਨੇੜੇ ਸੜਕ ਦੁਰਘਟਨਾ ਨੇ ਹੜਕੰਪ ਮਚਾ ਦਿੱਤਾ। ਸਵਿਫਟ ਕਾਰ ਤੇ ਬਲੈਰੋ ਪਿੱਕਅਪ ਵਿੱਚ ਹੋਈ ਸਿੱਧੀ ਟੱਕਰ ਦੌਰਾਨ ਸਵਿਫਟ ਕਾਰ ’ਚ ਸਵਾਰ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਹਾਦਸੇ ਵਿਚ ਬਲੈਰੋ ਪਿੱਕਅਪ ਦਾ ਡਰਾਈਵਰ ਤੇ ਉਸ ਦੇ ਇਕ ਸਾਥੀ ਸਮੇਤ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਸੜਕ ਸੁਰੱਖਿਆ ਫੋਰਸ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ, ਜਦੋਂਕਿ ਕਾਰ ਚਾਲਕ ਦੀ ਨਾਜ਼ੁਕ ਹਾਲਤ ਦੇਖਦਿਆਂ ਉਸਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ।
ਥਾਣਾ ਚੱਬੇਵਾਲ ਦੀ ਪੁਲਿਸ ਵੀ ਤੁਰੰਤ ਮੌਕੇ ’ਤੇ ਪਹੁੰਚ ਗਈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
ਪਤਾ ਲੱਗਿਆ ਹੈ ਕਿ ਸਵਿਫਟ ਕਾਰ ’ਚ ਸਵਾਰ ਪਤੀ-ਪਤਨੀ ਜ਼ੀਰਕਪੁਰ (ਚੰਡੀਗੜ੍ਹ) ਤੋਂ ਬਟਾਲਾ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੇ ਸਨ। ਦੂਜੀ ਪਾਸੇ ਬਲੈਰੋ ਪਿੱਕਅਪ ਵਿਚ ਬੈਠੇ ਲੋਕ ਹਸਪਤਾਲਾਂ ਤੋਂ ਬਾਇਓਮੈਡੀਕਲ ਵੇਸਟ ਚੁੱਕਣ ਦਾ ਕੰਮ ਕਰਦੇ ਹਨ ਤੇ ਉਹ ਮਾਹਿਲਪੁਰ ਵੱਲ ਆ ਰਹੇ ਸਨ।












