ਇਸਲਾਮਾਬਾਦ, 14 ਸਤੰਬਰ,ਬੋਲੇ ਪੰਜਾਬ ਬਿਊਰੋ;
ਉੱਤਰ-ਪੱਛਮੀ ਪਾਕਿਸਤਾਨ ਦੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ’ਚ ਸ਼ਨੀਵਾਰ ਤੜਕੇ ਅਤਿਵਾਦੀਆਂ ਨੇ ਸੁਰੱਖਿਆ ਫ਼ੋਰਸਾਂ ਦੀ ਚੌਕੀ ’ਤੇ ਅਚਾਨਕ ਹਮਲਾ ਕਰ ਦਿਤਾ। ਹਮਲੇ ਦੌਰਾਨ 12 ਜਵਾਨ ਮਾਰੇ ਗਏ ਜਦਕਿ 4 ਹੋਰ ਗੰਭੀਰ ਜ਼ਖ਼ਮੀ ਹਨ।
ਅਧਿਕਾਰਤ ਸੂਤਰਾਂ ਮੁਤਾਬਕ ਇਹ ਵਾਕਿਆ ਸਵੇਰੇ ਤਕਰੀਬਨ ਪੰਜ ਵਜੇ ਵਾਪਰਿਆ, ਜਦੋਂ ਹਥਿਆਰਬੰਦ ਅਤਿਵਾਦੀਆਂ ਨੇ ਫੌਜੀ ਟੀਮ ਨੂੰ ਨਿਸ਼ਾਨਾ ਬਣਾਇਆ। ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦਾ ਸਥਾਨਕ ਕਮਾਂਡਰ ਸਰਗਰਮ ਹੈ। ਹਾਲਾਂਕਿ ਅਜੇ ਤਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
ਘਟਨਾ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਹਮਲਾਵਰਾਂ ਨੂੰ ਕਾਬੂ ਕੀਤਾ ਜਾ ਸਕੇ।















