ਮਹਿਲ ਕਲਾਂ, 16 ਸਤੰਬਰ,ਬੋਲੇ ਪੰਜਾਬ ਬਿਊਰੋ;
ਲੁਧਿਆਣਾ-ਬਰਨਾਲਾ ਹਾਈਵੇਅ ‘ਤੇ ਪਿੰਡ ਨਿਹਾਲਵਾਲ ਅਤੇ ਗੰਗੋਹਰ ਵਿਚਕਾਰ ਬੀਤੀ ਰਾਤ ਹੋਏ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਲ ਕਲਾਂ ਦੇ ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਇੱਕ ਆਲਟੋ ਕਾਰ ਰਾਏਕੋਟ ਤੋਂ ਮਹਿਲ ਕਲਾਂ ਵੱਲ ਆ ਰਹੀ ਸੀ। ਜਦੋਂ ਕਾਰ ਪਿੰਡ ਨਿਹਾਲਵਾਲ ਅਤੇ ਗੰਗੋਹਰ ਦੇ ਵਿਚਕਾਰ ਪਹੁੰਚੀ ਤਾਂ ਇੱਕ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਤਿੰਨੋਂ ਲੋਕ ਗੰਭੀਰ ਜ਼ਖਮੀ ਹੋ ਗਏ। ਏਐਸਆਈ ਨੇ ਦੱਸਿਆ ਕਿ ਲਖਵਿੰਦਰ ਸਿੰਘ (28) ਪੁੱਤਰ ਜਗਰਾਜ ਸਿੰਘ ਵਾਸੀ ਮਹਿਲ ਕਲਾਂ ਅਤੇ ਉਸਦੇ ਸਾਲੇ ਦਿਨੇਸ਼ ਕੁਮਾਰ ਵਾਸੀ ਅਮਲੋਹ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਭੇਜਿਆ ਗਿਆ, ਜਿੱਥੇ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਤੀਜਾ ਗੌਰਵ ਸਿੰਗਲਾ ਵਾਸੀ ਮਹਿਲ ਕਲਾਂ ਵੀ ਜ਼ਖਮੀ ਹੋ ਗਿਆ, ਜਿਸਦਾ ਬਰਨਾਲਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਏਐਸਆਈ ਗੁਰਮੇਲ ਸਿੰਘ ਨੇ ਅੱਗੇ ਦੱਸਿਆ ਕਿ ਜ਼ਖਮੀ ਗੌਰਵ ਸਿੰਗਲਾ ਵਾਸੀ ਮਹਿਲ ਕਲਾਂ ਦੇ ਬਿਆਨ ਦੇ ਆਧਾਰ ‘ਤੇ ਅਣਪਛਾਤੇ ਵਾਹਨ ਦੇ ਡਰਾਈਵਰ ਵਿਰੁੱਧ ਥਾਣਾ ਮਹਿਲ ਕਲਾਂ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।












