ਗੁਰੂਆਂ ਪੀਰਾਂ ਦੀ ਵਰਸੋਈ ਪੰਜਾਬ ਦੀ ਧਰਤੀ ਨੂੰ ਸਦਾ ਮੁਹਿੰਮਾਂ ਨਾਲ ਜੂਝਣਾ ਪੈਂਦਾ ਹੈ। ਕਦੇ ਰਾਜਨੀਤਕ ਅਤੇ ਕਦੇ ਧਾਰਮਿਕ। ਜਗਤ ਗੁਰੂ ਧੰਨ ਸੑੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਲੋੜਵੰਦ ਦੀ ਮਦਦ ਕਰਨ ਦਾ ਸੰਦੇਸ਼ ਵੀ ਇਸ ਧਰਤੀ ਤੇ ਹੀ ਦਿੱਤਾ ਸੀ। ਇਸ ਕਰਕੇ ਹੀ ਹਰੇਕ ਨਾਨਕ ਨਾਮ ਲੇਵਾ ਇਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਮਲ ਕਰਨ ਲਈ ਸਦਾ ਤਤਪਰ ਰਹਿੰਦਾ ਹੈ। ਇਸ ਸਮੇਂ ਲੋੜਵੰਦਾਂ ਦੀ ਮਦਦ ਕਰਨ ਵਾਲੇ ਪੰਜਾਬੀਆਂ ਨੂੰ ਹੜਾਂ ਕਰਕੇ ਮਦਦ ਦੀ ਲੋੜ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਅਣਖੀ ਕੌਮ ਦੀ ਵਿਪਦਾ ਦੇ ਸਮੇਂ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਕੇ, ਆਪਣੇ ਖਰਚਿਆਂ ਵਿੱਚ ਕਟੋਤੀ ਕਰਕੇ, ਆਪਣੇ ਘਰ ਪਰਿਵਾਰ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਕੁਝ ਗੈਰਜਰੂਰੀ ਖਰਚਿਆਂ ਵਿੱਚ ਕਟੋਤੀ ਕਰਕੇ ਮਦਦ ਕਰੀਏ। ਆਉਣ ਵਾਲਾ ਸਮਾਂ ਤਿਉਹਾਰਾਂ ਦਾ ਸਮਾਂ ਹੈ, ਤੁਸੀਂ ਆਪਣੇ ਪਰਿਵਾਰ ਨਾਲ ਪੰਜਾਬ ਦੇ ਕਿਸੇ ਵੀ ਹੜੵ ਪੀੜਤ ਇਲਾਕੇ ਵਿੱਚ ਜਾ ਕੇ, ਉਥੋਂ ਦੇ ਵਸਨੀਕਾਂ ਨੂੰ ਮਿਲੋ ਤੇ ਤਿਉਹਾਰ ਤੇ ਖਰਚ ਕਰਨ ਵਾਲੀ ਮਾਇਆ ਇਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਦੇ ਕੇ ਉਨ੍ਹਾਂ ਦੀ ਖੁਸ਼ੀ ਦਾ ਹਿੱਸਾ ਬਣ ਕੇ ਗੁਰੂ ਸਾਹਿਬ ਦੀ ਅਸੀਸ ਦੇ ਪਾਤਰ ਬਣੋ । ਆਪਣੇ ਬੱਚਿਆਂ ਨੂੰ ਸੇਵਾ ਦੇ ਸਿਧਾਂਤ ਦਾ ਸੁਨੇਹਾ ਦਿਓ। ਨਗਰ ਕੀਰਤਨਾਂ ਦੇ ਮੌਕੇ ਲਗਾਏ ਜਾਣ ਵਾਲੇ ਲੰਗਰ ਦੀ ਰਸਦ ਤੇ ਹੋਰ ਸਮਗਰੀ ਦੇ ਬਰਾਬਰ ਦੀ ਮਾਇਆ ਨਾਲ ਆਪਣੇ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਦੇਣ ਲਈ ਵਿਚਾਰ ਕੀਤਾ ਜਾਵੇ। ਪੰਜਾਬੀਆਂ ਨੂੰ ਭੋਜਨ ਸਮਗਰੀ ਦੇ ਨਾਲ ਨਾਲ ਕਪੜਿਆਂ, ਬਿਸਤਰਿਆਂ, ਭਾਂਡਿਆਂ ਤੇ ਹੋਰ ਘਰੇਲੂ ਨਿੱਕ ਸੁੱਕ ਦੇਣ ਦੀ ਸੇਵਾ ਵੀ ਕੀਤੀ ਜਾ ਸਕਦੀ ਹੈ।
ਸਿਮਰਨਜੀਤ ਸਿੰਘ ਮੱਕੜ ਦਿੱਲੀ














