ਰੀਅਪੀਅਰਾਂ ਕੱਢਣੀਆਂ ਬੰਦ ਕੀਤੀਆਂ ਜਾਣ ਅਤੇ ਰੁਕੇ ਹੋਏ ਨਤੀਜੇ ਤੁਰੰਤ ਜਾਰੀ ਕੀਤੇ ਜਾਣ
ਮਾਨਸਾ -17 ਸਤੰਬਰ ,ਬੋਲੇ ਪੰਜਾਬ ਬਿਊਰੋ;
ਸਮੂਹ ਵਿਦਿਆਰਥੀਆਂ ਦੀ ਕੇਂਦਰ ਵੱਲੋਂ ਰੁਕੀ ਹੋਈ ਵਜ਼ੀਫਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ,ਵੱਡੀ ਗਿਣਤੀ ਵਿੱਚ ਰੀਅਪੀਅਰਾਂ ਕੱਢ ਕੇ ਅੰਨੀ ਲੁੱਟ ਕਰਨੀ ਬੰਦ ਕੀਤੀ ਜਾਵੇ,ਰੁਕੇ ਹੋਏ ਨਤੀਜੇ ਤੁਰੰਤ ਜਾਰੀ ਕੀਤੇ ਜਾਣ,ਪ੍ਰੀਖਿਆ ਫੀਸਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ,ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ,ਮੇਜਰ ਅਤੇ ਮਾਈਨਰ ਵਿਸ਼ਿਆਂ ਦਾ ਵਾਧੂ ਬੋਝ ਖਤਮ ਕੀਤਾ ਜਾਵੇ,ਹਰ ਇੱਕ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ,ਹੜ੍ਹ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਤੁਰੰਤ ਦਿੱਤਾ ਜਾਵੇ,ਹੁਸ਼ਿਆਰਪੁਰ ਤੇ ਕੰਮੇਆਣਾ ਵਿੱਚ ਬੱਚਿਆਂ ਨਾਲ ਬਦਫ਼ੈਲੀਆਂ ਕਰਨ ,ਤੇ ਹੁਸ਼ਿਆਰਪੁਰ ਵਿੱਚ ਬੱਚੇ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀਆਂ ਖਿਲਾਫ ਬਕਾਇਦਾ ਫਾਸਟ ਟਰੈਕ ਅਦਾਲਤਾਂ ਵਿੱਚ ਕੇਸ ਚਲਾ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਇਸਦੀ ਆੜ ਹੇਠ ਸਮੁੱਚੇ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਹਜ਼ੂਮੀ ਹਿੰਸਾ ਭੜਕਾਉਣ ਵਾਲਿਆਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੀਟਿੰਗ ਉਪਰੰਤ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਅਮਨਦੀਪ ਕੌਰ ਉੱਡਤ ਭਗਤ ਰਾਮ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨਾਲ ਲੜਨ ਦੀ ਬਜਾਇ ਪੰਜਾਬ ਦੇ ਵਿਦਿਆਰਥੀ-ਨੌਜਵਾਨਾਂ,ਬੇਰੁਜ਼ਗਾਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਸਰਕਾਰਾਂ ਖ਼ਿਲਾਫ਼ ਸੂਬਿਆਂ ਨੂੰ ਸਿੱਖਿਆ ਨੀਤੀ ਬਣਾਏ ਜਾਣ ਲਈ ਅਧਿਕਾਰ ਦੇਣ,ਸੰਘੀ ਢਾਂਚੇ ਨੂੰ ਮਜ਼ਬੂਤ ਕਰਨ,ਮੁਫ਼ਤ ਅਤੇ ਵਧੀਆ ਸਿੱਖਿਆ ਪ੍ਰਾਪਤ ਕਰਨ,ਰੁਜ਼ਗਾਰ ਗਾਰੰਟੀ ਐਕਟ ਬਣਾਏ ਜਾਣ, ਮੁਫ਼ਤ ਸਿਹਤ ਸਹੂਲਤਾਂ ਪ੍ਰਾਪਤ ਕਰਨ,ਬੇਹਤਰ ਕੰਮ ਹਾਲਤਾਂ ਬਣਾਏ ਜਾਣ ਅਤੇ ਹੜ੍ਹਾਂ ਵਰਗੀਆਂ ਆਫ਼ਤਾਂ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਔਰਤਾਂ ਤੇ ਬੱਚਿਆਂ ਨਾਲ ਅਜਿਹੇ ਘਿਨਾਉਣੇ ਜ਼ੁਰਮਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਏ ਜਾਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਵੱਖ- ਵੱਖ ਵਿੱਦਿਅਕ ਅਦਾਰਿਆਂ ਵਿੱਚ ਮੈਂਬਰਸ਼ਿੱਪ ਕੱਟਦਿਆਂ ਨਵੀਆਂ ਕਮੇਟੀਆਂ ਬਣਾਈਆਂ ਜਾਂਣਗੀਆਂ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾਵਾਂ ਅਤੇ ਪੋਸਟਰ ਪ੍ਰਦਰਸ਼ਨੀ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ,ਜਿਲਾ ਕਮੇਟੀ ਮੈਂਬਰ ਗਗਨਦੀਪ ਕੌਰ ਮੌਜੋ,ਪ੍ਰਿਤਪਾਲ ਕੌਰ ਸ਼ੇਰਖਾਂ ਵਾਲਾ,ਰੂਹ ਕੌਰ ਦੂਲੋਵਾਲ ਅਤੇ ਗੁਰਪ੍ਰੀਤ ਸਿੰਘ ਹੀਰ ਕੇ ਆਦਿ ਵੀ ਹਾਜ਼ਰ ਸਨ।












