ਨਿਰਭੈ ਸਿੰਘ ਖਾਈ ‘ਤੇ ਹੋਏ ਜਾਨਲੇਵਾ ਹਮਲੇ ਦੇ ਸੰਬੰਧੀ 25 ਸਤੰਬਰ ਦੇ ਸੰਗਰੂਰ ਧਰਨੇ ਵਿੱਚ ਕੀਤੀ ਜਾਵੇਗੀ ਸ਼ਮੂਲੀਅਤ: ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ

ਪੰਜਾਬ

ਮੁੱਖ ਮੰਤਰੀ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਭੂ-ਮਾਫੀਆ ਦੇ ਹੌਂਸਲੇ ਬੁਲੰਦ

ਚੰਡੀਗੜ੍ਹ,24, ਸਤੰਬਰ (ਮਲਾਗਰ ਖਮਾਣੋਂ),;

ਸਾਬਕਾ ਅਧਿਆਪਕ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ (ਯੂਥ ਵਿੰਗ), ਸੰਗਰੂਰ ਦੇ ਜਿਲ੍ਹਾ ਪ੍ਰਧਾਨ ਮਾਸਟਰ ਨਿਰਭੈ ਸਿੰਘ ਖਾਈ ਉੱਤੇ ਭੂ-ਮਾਫ਼ੀਆ ਵੱਲੋਂ ਕੀਤੇ ਜਾਨਲੇਵਾ ਹਮਲੇ ਦੇ ਦੋਸ਼ੀਆਂ ਨੂੰ ਬਚਾਉਣ ਲਈ ਸੰਗਰੂਰ ਪੁਲਿਸ ਕੀਤੀ ਜਾ ਰਹੀ ਢਿੱਲੀ ਕਾਰਵਾਈ ਦੇ ਵਿਰੋਧ ਵਿੱਚ ਕਿਰਤੀ ਕਿਸਾਨ ਯੂਨੀਅਨ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ 25 ਸਤੰਬਰ ਨੂੰ ਐੱਸ.ਐੱਸ.ਪੀ. ਦਫ਼ਤਰ ਸੰਗਰੂਰ ਸਾਹਮਣੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਵਿੱਚ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਵੀ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਅਤੇ ਵਿੱਤ ਸਕੱਤਰ ਹਰਿੰਦਰ ਦੁਸਾਂਝ ਨੇ ਆਖਿਆ ਕਿ ਨਿਰਭੈ ਸਿੰਘ ਖਾਈ ਉੱਤੇ ਹੋਏ ਹਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਕਈ ਅਪ੍ਰੇਸ਼ਨਾਂ ਦੇ ਬਾਵਜੂਦ ਅੱਜ ਤੱਕ ਉਹ ਸਹੀ ਢੰਗ ਨਾਲ ਤੁਰਨ ਯੋਗ ਨਹੀਂ ਹੋ ਸਕਿਆ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਜ਼ਿਲੇ ਵਿੱਚ ਪੁਲਿਸ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਕਰਕੇ ਮਿਸਾਲ ਕਾਇਮ ਕਰਦੀ ਪਰ ਪੁਲਿਸ ਦੁਆਰਾ ਜਾਣ ਬੁੱਝ ਕੇ ਇਰਾਦਾ ਕਤਲ ਦੇ ਮੁਕੱਦਮੇ ਨੂੰ ਕਾਨੂੰਨੀ ਤੌਰ ‘ਤੇ ਕਮਜ਼ੋਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਫੈਡਰੇਸ਼ਨ ਦੇ ਆਗੂਆਂ ਵਿਕਰਮ ਦੇਵ ਸਿੰਘ, ਮਲਾਗਰ ਸਿੰਘ ਖਮਾਣੋਂ, ਲਖਵਿੰਦਰ ਕੌਰ ਫ਼ਰੀਦਕੋਟ, ਰਛਪਾਲ ਸਿੰਘ ਜੋਧਾਨਗਰੀ, ਮਨਦੀਪ ਕੌਰ ਬਿਲਗਾ ਅਤੇ ਸੁਖਵਿੰਦਰ ਸਿੰਘ ਲੀਲ੍ਹ ਨੇ ਆਖਿਆ ਕਿ ਇਸ ਹਮਲੇ ਦੇ ਮੁੱਖ ਦੋਸ਼ੀਆਂ ਦੇ ਹੌਂਸਲੇ ਇਸ ਹੱਦ ਤੱਕ ਵੱਧ ਗਏ ਹਨ ਕਿ ਉਹ ਮਾਸਟਰ ਨਿਰਭੈ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਸਮਝੌਤਾ ਕਰਨ ਨਹੀਂ ਤਾਂ ਜਾਨੋ ਮਾਰਨ ਦੀਆਂ ਸ਼ਰੇਆਮ ਧਮਕੀਆਂ ਦੇ ਰਹੇ ਹਨ। ਉਹਨਾਂ ਕਿਹਾ ਕਿ ਸਾਥੀ ਨਿਰਭੈ ਸਿੰਘ ਖਾਈ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਕਰਵਾਉਣ ਲਈ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਹਰ ਕਿਸਮ ਦੇ ਸੰਘਰਸ਼ ਲਈ ਵਚਨਬੱਧ ਹੈ ਕਿਉਂਕਿ ਇਹ ਸਿਰਫ ਨਿਰਭੈ ਸਿੰਘ ਤੇ ਨਹੀਂ ਸਗੋਂ ਸਮੁੱਚੀ ਜਮਹੂਰੀ ਲਹਿਰ ਉੱਤੇ ਹਮਲਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।