ਮੇਅਰ ਮੋਹਾਲੀ ਨੂੰ ਮਹੀਨਾ ਪਹਿਲਾਂ ਦਿੱਤੀ ਸ਼ਿਕਾਇਤ ਉਤੇ ਵੀ ਅੱਜ ਤੱਕ ਨਹੀਂ ਹੋਈ ਕੋਈ ਕਾਰਵਾਈ
ਮਾਰਕੀਟ ਐਸੋਸੀਏਸ਼ਨ ਵੱਲੋਂ ਟੈਕਸੀ ਸਟੈਂਡ ਤੁਰੰਤ ਬੰਦ ਕਰਨ ਦੀ ਮੰਗ
ਮੋਹਾਲੀ, 27 ਸਤੰਬਰ ,ਬੋਲੇ ਪੰਜਾਬ ਬਿਊਰੋ:
ਸ਼ਹਿਰ ਦੇ ਫੇਜ਼-5 ਸਥਿਤ ਮਾਰਕੀਟ ਵਿਚ ਨਜਾਇਜ਼ ਚੱਲਦਾ ਟੈਕਸੀ ਸਟੈਂਡ ਅੱਜਕੱਲ੍ਹ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ। ਮਾਰਕੀਟ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਨਗਰ ਨਿਗਮ, ਮੋਹਾਲੀ ਦੇ ਮੇਅਰ ਨੂੰ ਪਹਿਲਾਂ ਵੀ ਦੋ ਵਾਰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਤੇ ਉਹਨਾਂ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਇਸ ਉਤੇ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਮਾਰਕੀਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਮੋਹਾਲੀ ਦੇ ਫੇਜ਼-5 ਸਥਿਤ ਧਨੋਆ ਟੈਕਸੀ ਸਟੈਂਡ, ਅਲਾਟੀ ਮਹਿੰਦਰਪਾਲ ਸਿੰਘ ਦੀ ਮੌਤ ਤੋਂ ਬਾਅਦ ਵੀ ਕਥਿਤ ਤੌਰ ਉਤੇ ਗ਼ੈਰਕਾਨੂੰਨੀ ਢੰਗ ਨਾਲ ਸ਼ਰ੍ਹੇਆਮ ਚੱਲ ਰਿਹਾ ਹੈ। ਜਿਸ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਅਤੇ ਗਾਹਕਾਂ ਲਈ ਪਾਰਕਿੰਗ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਉਹਨਾਂ ਦੱਸਿਆ ਕਿ ਅਲਾਟੀ ਮਹਿੰਦਰਪਾਲ ਸਿੰਘ ਦਾ ਸਾਰਾ ਪਰਿਵਾਰ ਅਮਰੀਕਾ ਸਿਫ਼ਟ ਹੋ ਚੁੱਕਾ ਹੈ ਅਤੇ ਟੈਕਸੀ ਸਟੈਂਡ ਵਾਲੇ ਅੱਜ ਵੀ ਕਥਿਤ ਕਬਜ਼ਾ ਕਰਕੇ, ਪਾਣੀ ਦੇ ਕੁਨੈਕਸ਼ਨ ਦੀ ਨਜਾਇਜ਼ ਵਰਤੋਂ ਕਰ ਰਹੇ ਹਨ।
ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਉਪਰੋਕਤ ਟੈਕਸੀ ਸਟੈਂਡ ਵਿਖੇ ਟੈਂਪੂ ਟਰੈਵਲਰ ਅਤੇ ਟੈਕਸੀਆਂ ਆਮ ਹੀ ਖੜ੍ਹੀਆਂ ਰਹਿੰਦੀਆਂ ਹਨ, ਜੋ ਕਿ ਪਾਰਕਿੰਗ ਦੀ ਸਮੱਸਿਆ ਦਾ ਵੱਡਾ ਕਾਰਨ ਵੀ ਬਣ ਰਹੀਆਂ ਹਨ। ਉਹਨਾਂ ਦੱਸਿਆ ਕਿ ਸਗੋਂ ਇਹ ਵਿਅਕਤੀ ਨਸ਼ੇ ਦੀ ਹਾਲਤ ਵਿਚ ਦੁਕਾਨਦਾਰਾਂ ਅਤੇ ਰਾਤ ਦੇਰ ਤੱਕ ਆਉਣ-ਜਾਣ ਵਾਲੇ ਲੋਕਾਂ ਨਾਲ ਗਾਲੀ-ਗਲੋਚ ਅਤੇ ਲੜਾਈ ਝਗੜਾ ਵੀ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ, ਜਿਸ ਕਾਰਨ ਮਾਰਕੀਟ ਵਿਚ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਹੈ।
ਉਹਨਾਂ ਮੇਅਰ ਮੋਹਾਲੀ ਪ਼ਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮਹੀਨਾ ਭਰ ਬੀਤਣ ਦੇ ਬਾਵਜੂਦ ਵੀ ਉਹਨਾਂ ਸਾਡੀ ਸਮੱਸਿਆ ਦਾ ਅਜੇ ਤੱਕ ਕੋਈ ਠੋਸ ਹੱਲ ਨਹੀਂ ਕੱਢਿਆ।
ਅਖ਼ੀਰ ਵਿਚ ਮਾਰਕੀਟ ਐਸੋਸੀਏਸ਼ਨ ਨੇ ਮੇਅਰ ਮੋਹਾਲੀ ਤੋਂ ਮੰਗ ਕੀਤੀ ਕਿ ਤਿਉਹਾਰੀ ਸੀਜ਼ਨ ਹੋਣ ਕਰਕੇ, ਉਹਨਾਂ ਦੀ ਇਸ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇ ਅਤੇ ਨਜਾਇਜ਼ ਚੱਲਦੇ ਇਸ ਧਨੋਆ ਟੈਕਸੀ ਸਟੈਂਡ ਨੂੰ ਤੁਰੰਤ ਰੱਦ ਕੀਤਾ ਜਾਵੇ ਤਾਂ ਜੋ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ।
ਕੀ ਕਹਿਣਾ ਹੈ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿੱਧੂ ਦਾ:
ਜਦੋਂ ਇਸ ਸਬੰਧੀ ਨਗਰ ਨਿਗਮ ਮੋਹਾਲੀ ਦੇ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਫੋਨ ਉਤੇ ਇਸ ਸਮੱਸਿਆ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਤਾਂ ਇਸ ਬਾਰੇ ਪਹਿਲਾਂ ਹੀ ਕਹਿ ਚੁੱਕਿਆ ਹਾਂ, ਪਰ ਕੰਮ ਦਾ ਅਫਸਰਾਂ ਨੇ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਸੋਮਵਾਰ ਤੋਂ ਬਾਅਦ, ਜਲਦ ਹੀ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਨਾਲ ਹੀ ਕਿਹਾ ਕਿ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾ ਜਾਂ ਗਤੀਵਿਧੀ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਸ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੋਵੇ।












