ਚੰਡੀਗੜ੍ਹ 27 ਸਤੰਬਰ ,ਬੋਲੇ ਪੰਜਾਬ ਬਿਊਰੋ;
ਮੋਦੀ ਸਰਕਾਰ ਦੁਆਰਾ ਐਲਾਨਿਆ ਗਿਆ 1600 ਕਰੋੜ ਰੁਪਏ ਵਿੱਚੋਂ ਇੱਕ ਵੀ ਪੈਸਾ ਪੰਜਾਬ ਸਰਕਾਰ ਨੂੰ ਨਹੀਂ ਮਿਲੇਗਾ। ਇਹ ਬਿਆਨ ਕੇਂਦਰੀ ਰਾਜ ਮੰਤਰੀ ਬੀਐਲ ਵਰਮਾ ਨੇ ਦਿੱਤਾ ਹੈ।
ਉਨ੍ਹਾਂ ਨੇ 1600 ਕਰੋੜ ਰੁਪਏ ਦੇ ਪੈਕੇਜ ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਹ ਰਕਮ ਸੂਬਾ ਸਰਕਾਰ ਨੂੰ ਨਹੀਂ, ਬਲਕਿ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ। ਗਿਰਦਾਵਰੀ ਤੋਂ ਬਾਅਦ ਤੁਰੰਤ ਇਹ ਪੈਸੇ ਮਿਲਣਗੇ ਅਤੇ ਜ਼ਰੂਰਤ ਪੈਣ ‘ਤੇ ਹੋਰ ਮਦਦ ਵੀ ਦਿੱਤੀ ਜਾਵੇਗੀ।
ਬੀਜੇਪੀ ਨੇ ਕਿਹਾ ਕਿ ਲੋਕਾਂ ਦੀ ਮੰਗ ‘ਤੇ ਪ੍ਰਧਾਨ ਮੰਤਰੀ ਨੇ ਸਿੱਧੀ ਮਦਦ ਦਾ ਫੈਸਲਾ ਲਿਆ ਹੈ। ਪਰ ਆਪ ਨੇਤਾ ਨੀਲ ਗਰਗ ਨੇ ਇਸਨੂੰ ਗੁਮਰਾਹ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਦਾ 20 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ, ਪਰ ਕੇਂਦਰ ਨੇ ਸਿਰਫ਼ 1600 ਕਰੋੜ ਦਾ ਝਾਂਸਾ ਦਿੱਤਾ। ਆਰਡੀਐਫ, ਐਮਡੀਐਫ ਅਤੇ ਜੀਐਸਟੀ ਦਾ ਪੈਸਾ ਵੀ ਰੋਕਿਆ ਗਿਆ, ਜੋ ਫੈਡਰਲਿਜ਼ਮ ਦੇ ਖਿਲਾਫ਼ ਹੈ।
ਦੱਸ ਦਈਏ ਕਿ ਮੋਦੀ ਵੱਲੋਂ ਪੰਜਾਬ ਲਈ ਐਲਾਨੇ 1600 ਕਰੋੜ ਰੁਪਏ ਵਿੱਚੋਂ ਇੱਕ ਧੇਲਾ ਵੀ ਪੰਜਾਬ ਦੀ ਸਰਕਾਰ ਨੂੰ ਨਹੀਂ ਮਿਲਿਆ। ਇਹ ਦੋਸ਼ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੁਆਰਾ ਬੀਤੇ ਕੱਲ੍ਹ ਲਗਾਏ ਗਏ ਸਨ। ਹੁਣ ਇਸ 1600 ਕਰੋੜ ਰੁਪਏ ਦੇ ਪੈਕੇਜ ਤੇ ਸਿਆਸਤ ਭਖ ਗਈ ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਬਾਅਦ ਇਹ ਐਲਾਨ ਕੀਤਾ ਸੀ, ਪਰ ਪੰਜਾਬ ਸਰਕਾਰ ਨੇ ਰਕਮ ਨੂੰ ਨਾਕਾਫ਼ੀ ਦੱਸਦਿਆਂ ਵਿਰੋਧ ਜਤਾਇਆ।












