ਮੈਲਬੋਰਨ, 2 ਅਕਤੂਬਰ,ਬੋਲੇ ਪੰਜਾਬ ਬਿਉਰੋ;
ਮੈਲਬੋਰਨ ਦੇ ਵਿੰਡਹਮ ਵੇਲ ਇਲਾਕੇ ਵਿਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਨੂੰ ਆਸਟ੍ਰੇਲੀਆਈ ਸਰਕਾਰ ਨੇ ਨਵੰਬਰ ਤੱਕ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਮਨਦੀਪ ਕੌਰ ਅਤੇ ਸਟਿਵਨ ਸਿੰਘ 2009 ਵਿਚ ਆਸਟ੍ਰੇਲੀਆ ਆਏ ਸਨ ਅਤੇ ਤਦੋਂ ਤੋਂ ਆਰਜ਼ੀ ਵੀਜ਼ਿਆਂ ’ਤੇ ਆਪਣੀ ਜ਼ਿੰਦਗੀ ਗੁਜਾਰ ਰਹੇ ਹਨ।
ਪਿਛਲੇ ਕਈ ਸਾਲਾਂ ਦੌਰਾਨ ਉਹ ਕਈ ਵਾਰ ਪੱਕੀ ਰਿਹਾਇਸ਼ ਲਈ ਅਰਜ਼ੀਆਂ ਕਰਦੇ ਰਹੇ, ਪਰ ਹਰੇਕ ਵਾਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਰਕਾਰੀ ਇਨਕਾਰ ’ਚ ਬਦਲ ਗਈਆਂ। ਹੁਣ ਆਖ਼ਰਕਾਰ, ਉਨ੍ਹਾਂ ਨੂੰ ਪਰਿਵਾਰ ਸਮੇਤ ਵਾਪਸ ਭਾਰਤ ਜਾਣਾ ਪੈ ਸਕਦਾ ਹੈ।
ਸਭ ਤੋਂ ਵੱਡੀ ਚਿੰਤਾ ਉਨ੍ਹਾਂ ਦੇ 12 ਸਾਲਾ ਪੁੱਤਰ ਅਭਿਜੋਤ ਸਿੰਘ ਲਈ ਹੈ। ਅਭਿਜੋਤ ਦਾ ਜਨਮ ਆਸਟ੍ਰੇਲੀਆ ਵਿਚ ਹੋਇਆ ਹੈ ਅਤੇ ਉਹ ਆਸਟ੍ਰੇਲੀਆਈ ਨਾਗਰਿਕਤਾ ਰੱਖਦਾ ਹੈ। ਉਹ ਇਥੇ ਦੇ ਸਥਾਨਕ ਸਕੂਲ ਵਿਚ ਪੜ੍ਹਦਾ ਹੈ।
ਮਨੁੱਖੀ ਹੱਕਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਇਮੀਗ੍ਰੇਸ਼ਨ ਨੀਤੀਆਂ ਦਾ ਨਹੀਂ, ਸਗੋਂ ਬੱਚੇ ਦੇ ਹੱਕਾਂ ਦਾ ਵੀ ਹੈ। “ਬੱਚੇ ਨੂੰ ਆਪਣੇ ਮਾਪਿਆਂ ਨਾਲ ਰਹਿਣ ਦਾ ਹੱਕ ਹੈ। ਜੇ ਸਰਕਾਰੀ ਫ਼ੈਸਲਾ ਇਸ ਹੱਕ ’ਤੇ ਖ਼ਤਰਾ ਪੈਦਾ ਕਰਦਾ ਹੈ, ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ,” ਇਕ ਮਾਹਿਰ ਨੇ ਕਿਹਾ।















