ਚੰਡੀਗੜ੍ਹ, 4 ਅਕਤੂਬਰ,ਬੋਲੇ ਪੰਜਾਬ ਬਿਊਰੋ;
ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਆਂਸਲ ਗਰੁੱਪ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਏਜੰਸੀ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਥਾਵਾਂ ‘ਤੇ ਇਸ ਗਰੁੱਪ ਦੀਆਂ ਜਾਇਦਾਦਾਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ।
ਈਡੀ ਨੇ ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA), 2002 ਦੇ ਤਹਿਤ ਲੁਧਿਆਣਾ, ਗੁਰੂਗ੍ਰਾਮ ਅਤੇ ਗ੍ਰੇਟਰ ਨੋਇਡਾ ਵਿੱਚ ਸਥਿਤ ਕੁੱਲ 10.55 ਕਰੋੜ ਰੁਪਏ ਮੁੱਲ ਦੀਆਂ ਛੇ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕਰ ਲਿਆ ਹੈ। ਇਹ ਜਾਇਦਾਦਾਂ ਆਂਸਲ ਪ੍ਰਾਪਰਟੀਜ਼ ਐਂਡ ਇਨਫਰਾਸਟ੍ਰਕਚਰ ਲਿਮਟਿਡ (APIIL) ਅਤੇ ਇਸ ਨਾਲ ਜੁੜੇ ਡਾਇਰੈਕਟਰਾਂ, ਸ਼ੇਅਰਹੋਲਡਰਾਂ ਅਤੇ ਲਾਭਪਾਤਰੀ ਮਾਲਕਾਂ — ਸੁਸ਼ੀਲ ਅੰਸਲ, ਪ੍ਰਣਵ ਅੰਸਲ ਐਂਡ ਸੰਨਜ਼ HUF ਅਤੇ ਕੁਸੁਮ ਅੰਸਲ — ਦੀਆਂ ਮੰਨੀਆਂ ਜਾ ਰਹੀਆਂ ਹਨ।
ਇਹ ਕਾਰਵਾਈ ਪਾਣੀ (ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਅਤੇ ਹਵਾ (ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ) ਐਕਟ, 1981 ਦੀ ਉਲੰਘਣਾ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕੀਤੀ ਗਈ ਹੈ। ਜ਼ਬਤ ਕੀਤੀਆਂ ਗਈਆਂ ਸੰਪਤੀਆਂ ਵਿੱਚ ਵਪਾਰਕ ਇਕਾਈਆਂ ਅਤੇ ਦਫ਼ਤਰੀ ਥਾਂਵਾਂ ਸ਼ਾਮਲ ਹਨ।












