ਖਮਾਣੋ,4 ਅਕਤੂੰਬਰ ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਆਊਟਸੋਰਸਿੰਗ , ਇਨਲਿਸਟਮੈਂਟ ਤੇ ਵੱਖ- ਵੱਖ ਠੇਕੇਦਾਰਾਂ ਰਾਹੀਂ ਲਗਾਤਾਰ ਕੰਮ ਕਰਦੇ ਵਰਕਰਾਂ ਦੀ ਜਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਨੰਬਰ 26 ਪੰਜਾਬ ਦੀ ਬਲਾਕ ਖਮਾਣੋਂ ਦੀ ਮੀਟਿੰਗ ਕਨਵੀਨਰ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਗੁਰਜੰਟ ਸਿੰਘ ਧਨੋਲਾ ਨੇ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਖਮਾਣੋਂ ਨੇ ਦੱਸਿਆ ਕਿ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਰੈਗੂਲਰ ਭਰਤੀ ਕਰਨ ਦੀ ਬਜਾਏ ਵੱਖ-ਵੱਖ ਨੀਤੀਆਂ ਤਹਿਤ ਪੱਕੇ ਵਿਭਾਗਾਂ ਵਿੱਚ ਕੱਚੀ ਭਰਤੀ ਕਰਨ ਦਾ ਮਕਸਦ ਬੁਨਿਆਦੀ ਸਹੂਲਤਾਂ ਦੇਣ ਵਾਲੇ ਵਿਭਾਗਾਂ ਨੂੰ ਕਾਰਪੋਰੇਟਾਂ ਦੇ ਮੁਨਾਫਿਆਂ ਦੀ ਭੇਟ ਚਾੜਨਾ ਹੈ, ਇਸ ਕਰਕੇ ਸਰਕਾਰਾਂ ਵਰਕਰਾਂ ਦੀਆਂ ਉਜਰਤਾਂ, ਰੈਗੂਲਰ ਕਰਨ ਦੀ ਨੀਤੀ ਨਹੀਂ ਬਣਾ ਰਹੀਆਂ , ਸੰਘਰਸ਼ਾਂ ਦੇ ਕਾਰਨ ਹੀ ਸਰਕਾਰਾਂ ਕੁਝ ਗਿਣਤੀ ਦੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਮਜਬੂਰ ਹੁੰਦੀਆਂ ਹਨ ।ਇਸ ਲਈ ਜਥੇਬੰਦ ਤਾਕਤ ਨੂੰ ਮਜਬੂਤ ਕਰਨਾ ਅੱਜ ਦੀ ਇਤਿਹਾਸਿਕ ਲੋੜ ਹੈ। ਮੀਟਿੰਗ ਦੌਰਾਨ ਬਲਾਕ ਖਮਾਣੋ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ,ਜਿਸ ਵਿੱਚ ਜਗਤਾਰ ਸਿੰਘ ਰੱਤੋਂ ਨੂੰ ਬਲਾਕ ਪ੍ਰਧਾਨ ,ਜੋਰਾ ਸਿੰਘ ਨੀਵਾਂ ਜਟਾਣਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਬਦੇਸ਼ਾਂ ਮੀਤ ਪ੍ਰਧਾਨ, ਮਨਜਿੰਦਰ ਸਿੰਘ ਧਿਆਨੂ ਮਾਜ਼ਰਾ ਨੂੰ ਜਨਰਲ ਸਕੱਤਰ ,ਗੁਰਪ੍ਰੀਤ ਸਿੰਘ ਫਲੋਰ ਨੂੰ ਵਿੱਤ ਸਕੱਤਰ ,ਗੁਰਜੰਟ ਸਿੰਘ ਧਨੌਲਾ ਨੂੰ ਪ੍ਰੈੱਸ ਸਕੱਤਰ, ਰਣਵੀਰ ਸਿੰਘ ਅਮਰਾਲਾ ਨੂੰ ਸਲਾਹਕਾਰ ਚੁਣਿਆ ਗਿਆ। ਮੀਟਿੰਗ ਦੌਰਾਨ ਸੂਬਾਈ , ਜ਼ਿਲ੍ਹਾ ਤੇ ਬਲਾਕ ਪੱਧਰੀ ਫੰਡਾਂ ਨੂੰ ਮੁਕੰਮਲ ਕਰਨ, ਸੁਖਰਾਮ ਦੇ ਸਨਮਾਨ ਸਮਰੋਹ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਵਿਸ਼ੇਸ਼ ਮਤਾ ਪਾਸ ਕਰਕੇ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਸੰਬੰਧਿਤ ਵਿਭਾਗ ਵੱਲੋਂ ਜਬਰੀ ਪੰਚਾਇਤ ਅਧੀਨ ਦੇਣ ਦਾ ਭਾਰੀ ਵਿਰੋਧ ਕੀਤਾ ਜਾਵੇਗਾ ,ਮੀਟਿੰਗ ਵਿੱਚ ਫੈਸਲਾ ਕੀਤਾ ਕਿ ਤਾਲਮੇਲ ਸੰਘਰਸ਼ ਕਮੇਟੀ ਅਤੇ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਸੰਘਰਸ਼ਾਂ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ, ਮੀਟਿੰਗ ਵਿੱਚ ਬਲਾਕ ਖਮਾਣੋਂ ਦੀਆਂ ਵੱਖ ਵੱਖ ਵਾਟਰ ਸਪਲਾਈ ਸਕੀਮਾਂ ਦੇ ਵਰਕਰਾਂ ਦੇ ਸ਼ਮੂਲੀਅਤ ਕੀਤੀ।












