ਮੋਹਾਲੀ 8 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ 11 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। ਜਵੰਦਾ ਦੇ ਜੱਦੀ ਪਿੰਡ ਪੋਨਾ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਉਨ੍ਹਾਂ ਦੇ ਦਿਹਾਂਤ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬੀ ਅਦਾਕਾਰ ਬੀ.ਐੱਨ. ਸ਼ਰਮਾ ਨੇ ਇਸ ਨੂੰ ਬਹੁਤ ਦੁਖਦ ਖ਼ਬਰ ਦੱਸਿਆ ਅਤੇ ਕਿਹਾ ਕਿ ਸਾਰੇ ਅਰਦਾਸਾਂ ਕਰ ਰਹੇ ਸਨ ਕਿ ਉਹ ਠੀਕ ਹੋ ਜਾਣ, ਪਰ ਅਜਿਹਾ ਨਹੀਂ ਹੋ ਸਕਿਆ।
ਖਬਰ ਸੁਣਦੇ ਹੀ ਹਸਪਤਾਲ ਦੇ ਬਾਹਰ ਵੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਕਰੀਬੀਆਂ ਮੁਤਾਬਕ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਿੱਧੇ ਉਨ੍ਹਾਂ ਦੇ ਜੱਦੀ ਪਿੰਡ ਲੁਧਿਆਣਾ ਦੇ ਜਗਰਾਓਂ ਸਥਿਤ ਪੋਨਾ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।












