ਚੰਡੀਗੜ੍ਹ/ਸ਼ਿਮਲਾ, 11 ਅਕਤੂਬਰ,ਬੋਲੇ ਪੰਜਾਬ ਬਿਉਰੋ;
ਪੰਜਾਬੀ ਸੰਗੀਤ ਜਗਤ ਨੂੰ ਹਿਲਾ ਦੇਣ ਵਾਲੇ ਰਾਜਵੀਰ ਜਵੰਦਾ ਦੇ ਸੜਕ ਹਾਦਸੇ ਮਾਮਲੇ ’ਚ ਹਿਮਾਚਲ ਹਾਈਕੋਰਟ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਹੈ। ‘ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ’ ਵੱਲੋਂ ਦਾਇਰ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਚੀਫ਼ ਜਸਟਿਸ ਦੀ ਬੈਂਚ ਨੇ ਸੁਣਵਾਈ ਦੌਰਾਨ ਪੁੱਛਿਆ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਨੇ ਹੁਣ ਤੱਕ ਕੀ ਠੋਸ ਕਦਮ ਚੁੱਕੇ ਹਨ। ਨਾਲ ਹੀ, ਅਦਾਲਤ ਨੇ ‘ਗਊ ਸੈੱਸ’ ਤੋਂ ਇਕੱਠੇ ਹੋਏ ਫੰਡ ਦੇ ਪ੍ਰਯੋਗ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਮੰਗੀ ਹੈ।
ਪਟੀਸ਼ਨ ਅਨੁਸਾਰ, ਹਿਮਾਚਲ ਸਰਕਾਰ ਸ਼ਰਾਬ ਦੀ ਹਰ ਬੋਤਲ ’ਤੇ 10 ਰੁਪਏ ‘ਗਊ ਸੈੱਸ’ ਵਸੂਲਦੀ ਹੈ। ਪਿਛਲੇ ਇੱਕ ਸਾਲ ਵਿੱਚ ਇਸ ਰਾਹੀਂ 100 ਕਰੋੜ ਰੁਪਏ ਤੋਂ ਵੱਧ ਇਕੱਠੇ ਹੋਏ ਹਨ। ਪਟੀਸ਼ਨ ਵਿੱਚ ਪੁੱਛਿਆ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਇਹ ਰਕਮ ਕਿੱਥੇ ਅਤੇ ਕਿਵੇਂ ਵਰਤੀ ਗਈ?
27 ਸਤੰਬਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਆਪਣੀ ਬਾਈਕ ਤੇ ਸ਼ਿਮਲਾ ਜਾ ਰਹੇ ਸਨ। ਬੱਦੀ ਨੇੜੇ ਇੱਕ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਤੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸਰਕਾਰ ਵਿਸਥਾਰਪੂਰਵਕ ਜਵਾਬ ਪੇਸ਼ ਕਰੇ — ਅਵਾਰਾ ਪਸ਼ੂਆਂ ਲਈ ਕੀ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਗਊ ਸੈੱਸ ਦਾ ਪੈਸਾ ਹਕੀਕਤ ਵਿੱਚ ਕਿੱਥੇ ਵਰਤਿਆ ਜਾ ਰਿਹਾ ਹੈ।












