ਮੋਹਾਲੀ 13 ਅਕਤੂਬਰ ,ਬੋਲੇ ਪੰਜਾਬ ਬਿਊਰੋ:
ਐਕਟਿਵ ਜਰਨਲਿਸਟਸ ਯੂਨੀਅਨ ਆਫ ਪੰਜਾਬ (ਏ ਜੇ ਯੂ ਏ ਪੀ ) ਦੀ ਐਗਜ਼ੈਕਟਿਵ ਕਮੇਟੀ ਦੀ ਬੈਠਕ ਵਿਚ ਅੱਜ ਮੁੱਖ ਮੰਤਰੀ ਵੱਲੋਂ ਪੱਤਰਕਾਰ ਰਤਨਦੀਪ ਧਾਲੀਵਾਲ ਬਾਰੇ ਨਿੰਦਾਜਨਕ ਟਿੱਪਣੀ ਕਰਨ ਦੀ ਨਿਖੇਧੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਜਲਸਿਆ ‘ਚ ਤੰਬੂ ਕਨਾਤਾਂ ਆਦਿ ਦਿੱਲੀ ਤੋਂ ਮੰਗਵਾਉਣ ਸੰਬੰਧੀ ਰਤਨਦੀਪ ਵਲੋ ਪਾਈ ਇੱਕ ਪੋਸਟ ਦੇ ਪ੍ਰਤੀਕਰਮ ‘ਚ ਰਾਮਪੁਰਾ ਵਿਚ ਬੀਤੇ ਦਿਨੀਂ ਬੋਲ ਰਹੇ ਸੀ। ਓਹਨਾ ਕਿਹਾ ਸੀ ਕੇ “ਨਾਮ ਰਤਨ ਤੇ ਕੰਮ ਕਈ ਹੋਰ…ਬੁਰਕੀ ਪੈ ਚੁੱਕੀ ਐ”।
ਏ ਜੇ ਯੂ ਪੀ ਨੇ ਮੁੱਖ ਮੰਤਰੀ ਨੂੰ ਪੱਤਰਕਾਰਾਂ ਨਾਲ ਸੰਜੀਦਗੀ ਅਤੇ ਤਹਿਜ਼ੀਬ ਨਾਲ ਗੱਲ ਕਰਨ ਦੀ ਸਲਾਹ ਦਿਤੀ। ਰਤਨਦੀਪ ਦੀ ਪੱਤਰਕਾਰੀ ਦੀ ਸ਼ਲਾਘਾ ਕਰਦੇ ਹੋਏ ਵਾਈਸ ਪ੍ਰਧਾਨ ਬਲਜੀਤ ਮਰਵਾਹਾ ਅਤੇ ਜਰਨਲ ਸਕੱਤਰ ਕਿਰਨਦੀਪ ਕੌਰ ਔਲਖ ਨੇ ਕਿਹਾ ਲੋਕ ਅਵਾਜ਼ ਟੀਵੀ ਦੀ ਖਬਰ ਤੋਂ ਸਾਬਿਤ ਹੁੰਦਾ ਹੈ ਕੇ ਅਰਵਿੰਦ ਕੇਜਰੀਵਾਲ ਦੀ ਜਲੰਧਰ ਚ ਹੋਏ ਸਮਾਗਮ ਚ ਤੰਬੂ ਕੁਰਸੀਆਂ ਅਤੇ ਹੋਰ ਸਮਾਨ ਦਿੱਲੀ ਤੋਂ ਮੰਗਵਾਇਆ ਗਿਆ ਸੀ। ਇਸ ਤਰ੍ਹਾਂ ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਹੋ ਰਹੀ ਹੈ।
ਏ ਜੇ ਯੂ ਪੀ ਬਠਿੰਡਾ ਅਤੇ ਰਾਮਪੁਰਾ ਪ੍ਰੈਸ ਕਲੱਬਾਂ ਦੇ ਸਟੈਂਡ ਦੀ ਹਮਾਇਤ ਕਰਦੀ ਹੈ ਅਤੇ ਮੁੱਖ ਮੰਤਰੀ ਨੂੰ ਆਪਣੇ ਕਥਨ ਲਈ ਮੁਆਫੀ ਮੰਗਣ ਲਈ ਕਹਿੰਦੀ ਹੈ।












