ਪਾਣੀ ਜ਼ਿਆਦਾ ਦਿਨ ਖੜ੍ਹਨ ਨਾਲ ਮੱਛਰਾਂ ਦਾ ਲਾਰਵਾ ਪਣਪਦਾ ਹੈ: ਐਂਟੀ ਲਾਰਵਾ ਟੀਮ ਇੰਚਾਰਜ ਅਮਰਜੀਤ ਸਿੰਘ
ਰਾਜਪੁਰਾ, 17 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਪਟਿਆਲਾ ਅਤੇ ਐੱਸ.ਐੱਮ.ਓ. ਡਾ. ਸੰਜੀਵ ਅਰੋੜਾ ਦੀ ਅਗਵਾਈ ਹੇਠ ਐਂਟੀ ਲਾਰਵਾ ਟੀਮ ਰਾਜਪੁਰਾ ਵੱਲੋਂ ‘ਡੇਂਗੂ ‘ਤੇ ਵਾਰ, ਹਰ ਸ਼ੁੱਕਰਵਾਰ’ ਮੁਹਿੰਮ ਤਹਿਤ ਡਰਾਈ ਡੇ ਜਾਗਰੂਕਤਾ ਅਭਿਆਨ ਚਲਾਇਆ ਗਿਆ।
ਇਸ ਮੁਹਿੰਮ ਦੌਰਾਨ ਟੀਮ ਨੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਦਫ਼ਤਰਾਂ ਦਾ ਦੌਰਾ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਕਿ ਖੁੱਲ੍ਹੇ ਬਰਤਨਾਂ, ਗਮਲਿਆਂ ਜਾਂ ਛੱਤਾਂ ‘ਤੇ ਖੜ੍ਹੇ ਪਾਣੀ ਵਿੱਚ ਮੱਛਰਾਂ ਦਾ ਲਾਰਵਾ ਪਣਪ ਸਕਦਾ ਹੈ, ਜੋ ਡੇਂਗੂ ਫੈਲਾਉਣ ਦਾ ਮੁੱਖ ਕਾਰਨ ਹੈ। ਟੀਮ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ “ਸਾਡੇ ਘਰ ਅਤੇ ਆਸਪਾਸ ਪਾਣੀ ਨੂੰ ਲੰਬੇ ਸਮੇਂ ਤੱਕ ਖੜ੍ਹਾ ਨਾ ਰਹਿਣ ਦਿੱਤਾ ਜਾਵੇ, ਤਾਂ ਡੇਂਗੂ ਤੋਂ ਬਚਾਅ ਸੰਭਵ ਹੈ।”
ਇਸ ਮੌਕੇ ਐਂਟੀ ਲਾਰਵਾ ਟੀਮ ਨੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦਾ ਦੌਰਾ ਕੀਤਾ, ਜਿੱਥੇ ਸਕੂਲ ਮੁਖੀ ਸੁਧਾ ਕੁਮਾਰੀ ਦੀ ਅਗਵਾਈ ਹੇਠ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡਰਾਈ ਡੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਟੀਮ ਵੱਲੋਂ ਜਾਗਰੂਕਤਾ ਲਈ ਪੋਸਟਰ, ਪੰਫਲਿਟ ਅਤੇ ਸਿੱਖਿਆਤਮਕ ਸਮੱਗਰੀ ਵੀ ਵੰਡੀਂ ਗਈ।
ਸਮਾਜਿਕ ਵਿਗਿਆਨ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਐਂਟੀ ਲਾਰਵਾ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਨਾਲ ਵਿਦਿਆਰਥੀਆਂ ਵਿੱਚ ਸਫਾਈ ਪ੍ਰਤੀ ਜ਼ਿੰਮੇਵਾਰੀ ਅਤੇ ਸਿਹਤ ਸੰਬੰਧੀ ਸਾਵਧਾਨੀ ਵਧਦੀ ਹੈ।
ਇਸ ਮੌਕੇ ਹਰਜੀਤ ਕੌਰ, ਨਰੇਸ਼ ਧਮੀਜਾ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਕਿਰਪਾਲ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਸਮੇਤ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਸਨ।












