ਇਸ ਸਾਲ ਦੀ ਦਿਵਾਲੀ ਦੇ ਦੀਪ ਵੀ ਠੇਕਾ ਕਾਮਿਆਂ ਦੇ ਘਰਾਂ ਵਿੱਚ ਰੋਸ਼ਨੀ ਨਹੀਂ ਕਰ ਸਕੇ! ਵੱਖ ਵੱਖ ਠੇਕਾ ਕਾਮਿਆਂ ਦੀਆਂ ਕੈਟਾਗਰੀਆਂ ਦਾ ਪ੍ਰਤੀਕਰਮ !

ਪੰਜਾਬ

ਫਤਿਹਗੜ੍ਹ ਸਾਹਿਬ,19, ਅਕਤੂਬਰ (ਮਲਾਗਰ ਖਮਾਣੋਂ);

ਦਿਵਾਲੀ ਦੇਸ਼ ਦਾ ਕੌਮੀ ਤਿਉਹਾਰ ਹੋਣ ਕਰਕੇ ਹਰ ਵਰਗ ਦੇ ਲੋਕ ਇਸ਼ ਤਿਉਹਾਰ ਨੂੰ ਆਪਣੇ ਪਰਿਵਾਰ ਸਮੇਤ ਮਨਾਉਂਦੇ ਹਨ ,ਸਰਕਾਰੀ ,ਅਰਧ ਸਰਕਾਰੀ, ਪ੍ਰਾਈਵੇਟ ਖੇਤਰ ਵਿੱਚ ਕਿਰਤ ਕਰਦੇ ਕਾਮੇ ਲਈ ਇਹ ਤਿਓਹਾਰ ਵਿਸ਼ੇਸ਼ ਥਾਂ ਰੱਖਦਾ ਹੈ ਜਿਵੇਂ ਪੰਜਾਬ ਸਰਕਾਰ ਨੇ ਦਰਜ ਚਾਰ ਰੈਗੂਲਰ ਮੁਲਾਜ਼ਮਾਂ ਨੂੰ 10 ਹਜਾਰ ਬਿਨਾਂ ਵਿਆਜ ਦਿੱਤੇ ਹਨ। ਉਥੇ ਹੀ ਪ੍ਰਾਈਵੇਟ ਖੇਤਰ ਦੇ ਕਾਮਿਆਂ ਨੂੰ ਕੰਪਨੀ ਮਾਲਕ, ਬੋਨਸ, ਛੁੱਟੀ , ਤੋਹਫ਼ੇ ਦੇ ਰੂਪ ਵਿੱਚ ਕੁਝ ਨਾ ਕੁਝ ਜਰੂਰ ਦਿੰਦੇ ਹਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ, ਬੋਰਡਾਂ ਵਿੱਚ ਵੱਖ ਵੱਖ ਕੈਟਾਗਰੀਆਂ ਤਹਿਤ ਕੰਮ ਕਰਦੇ ਕੱਚੇ ਕਾਮਿਆਂ ਦੀ ਇਸ ਸਾਲ ਦੀ ਦਿਵਾਲੀ ਕਿਹੋ ਜਿਹੀ ਰਹੇਗੀ। ਵੱਖ ਵੱਖ ਠੇਕਾ ਕਾਮਿਆਂ ਦਾ ਪ੍ਰਤੀਕਰਮ !
1,ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਇਨਲਿਸਟਮੈਂਟ ਨੀਤੀ ਤਹਿਤ 15-20 ਸਾਲਾਂ ਤੋਂ ਲਗਾਤਾਰ ਵਾਟਰ ਸਪਲਾਈ ਸਕੀਮਾਂ, ਦਫਤਰਾਂ ਵਿੱਚ ਕੰਮ ਕਰਦੇ ਕੰਮਿਆਂ ਦੀ ਜਥੇਬੰਦੀ ਦੇ ਆਗੂ ਜਗਤਾਰ ਸਿੰਘ ਰੱਤੋਂ ਨੇ ਇਹ ਦੱਸਿਆ ਕਿ ਸਾਡੇ ਕਾਮੇ 24 ਘੰਟੇ ਕੰਮ ਕਰਦੇ ਹਨ ਦਿਵਾਲੀ ਮੌਕੇ ਵੀ ਡਿਊਟੀ ਕਰਨੀ ਪੈਂਦੀ ਹੈ। ਇਸ ਸਾਲ ਦੀ ਦਿਵਾਲੀ ਤੇ ਸਾਡੇ ਕੰਮਿਆਂ ਨੂੰ ਉਮੀਦ ਸੀ ਕਿ ਇਸ ਪਾਰਟੀ ਦੀ ਸਰਕਾਰ ਪਹਿਲੀ ਵਾਰ ਹੋਂਦ ਵਿੱਚ ਆਈ ਹੈ। ਇਸ ਸਰਕਾਰ ਨੇ ਸਾਡੇ ਨਾਲ ਵਾਅਦੇ ਵੀ ਕੀਤੇ ਸਨ ਕਿ ਸਮੁੱਚੇ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਕੇ ਗੁਜ਼ਾਰੇ ਜੋਗੀਆਂ ਉੱਜੜਤਾ ਦਿੱਤੀਆਂ ਜਾਣਗੀਆਂ ,ਭਾਵੇਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਠਿਆਈਆਂ ਦੇ ਡੱਬੇ ਦੇ ਕੇ ਸਾਡੇ ਨਾਲ ਹਮਦਰਦੀ ਜਾਹਰ ਕੀਤੀ ਹੈ।ਪਰੰਤੂ ਸਰਕਾਰ ਵੱਲੋਂ ਇਸ ਸਾਲ ਦੀ ਦਿਵਾਲੀ ਇਨਲਿਸਟਮੈਂਟ ਕਾਮਿਆਂ ਲਈ ਫਿੱਕੀ ਹੀ ਰਹੀ ਹੈ
2, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ 10 -15 ਸਾਲਾਂ ਤੋਂ ਡਾਟਾ ਆਪਰੇਟਰ ਦਾ ਕੰਮ ਕਰਦੇ ਸਰਨਜੀਤ ਸਿੰਘ ਮਨੈਲਾ ਨੇ ਦੱਸਿਆ ਕਿ ਸਾਡੇ ਕਾਮੇ ਸਬ ਡਿਵੀਜ਼ਨ ਤੋਂ ਲੈ ਕੇ ਵਿਭਾਗੀ ਮੁਖੀ ਦੇ ਦਫਤਰ ਤੱਕ ਕੰਮ ਕਰਦੇ ਹਨ, ਸਾਡੇ ਕੰਮਿਆਂ ਦੀ ਦਿਵਾਲੀ ਵੀ ਹੋਰਨਾਂ ਠੇਕਾ ਕਾਮਿਆਂ ਵਾਂਗ ਬਿਨਾਂ ਰੋਸ਼ਨੀਆਂ ਤੋਂ ਹੁੰਦੀ ਹੈ, ਸਾਡੇ ਕਾਮੇ ਪੜੇ ਲਿਖੇ ਪੋਸਟਾਂ ਦੀ ਯੋਗਤਾ ਪੂਰੀ ਕਰਦੇ ਹਨ, ਸਾਡੇ ਕੋਲ ਤਜਰਬਾ ਹੈ। ਨਾ ਰੁਜ਼ਗਾਰ ਦੀ ਗਰੰਟੀ, ਨਾ ਤਨਖਾਹ ਵਿੱਚ ਵਾਧਾ, ਸਰਕਾਰ ਇਸ ਦਿਵਾਲੀ ਤੇ ਘੱਟੋ ਘੱਟ ਰੁਜ਼ਗਾਰ ਦੀ ਗਰੰਟੀ ਹੀ ਕਰ ਦਿੰਦੀ ਤਾਂ ਵੀ ਰੋਸ਼ਨੀ ਦਾ ਦੀਪ ਬਾਲ ਲੈਂਦੇ ।ਸ਼ਾਇਦ 2026 ਦੀ ਦਿਵਾਲੀ ਹੀ ਸਾਡੇ ਪਰਿਵਾਰਾਂ ਵਿੱਚ ਰੋਸ਼ਨੀ ਲੈ ਕੇ ਆਵੇ, ਇਸ ਉਮੀਦ ਦੇ ਨਾਲ ਸੰਘਰਸ਼ ਕਰੀ ਜਾਦੇ ਹਾ
3, ਨਗਰ ਕੌਂਸਲਾਂ ਵਿਚ ਕੰਮ ਕਰਦੇ ਆਊਟਸੋਰਸਿੰਗ ਕਾਮਿਆਂ ,ਸਫਾਈ ਸੇਵਕਾਂ ਦੇ ਆਗੂ ਰਾਹੁਲ ਕੁਮਾਰ, ਕੌਸ਼ਿਕ ਕੁਮਾਰ ਨੇ ਦੱਸਿਆ ਕਿ ਦਿਵਾਲੀ ਤੋਂ ਪਹਿਲਾਂ ਸ਼ਹਿਰਾਂ, ਕਸਬਿਆਂ ਦੇ ਸਫਾਈ ਦੀ ਜਿੰਮੇਵਾਰੀ ਸਾਡੇ ਕਾਮਿਆਂ ਦੀ ਹੁੰਦੀ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਦਿਨ ਰਾਤ ਦਾ ਕੰਮ ਹੁੰਦਾ ਹੈ। ਸਾਡੇ ਸਫਾਈ ਸੇਵਕਾਂ ਦੀ ਲੋਕ ਜਰੂਰ ਮਦਦ ਕਰਦੇ ਹਨ ਪ੍ਰੰਤੂ ਸਰਕਾਰ ਨੇ ਇਸ ਦਿਵਾਲੀ ਮੌਕੇ ਸਾਡੇ ਕਾਮਿਆਂ ਦੀ ਸਾਰ ਨਹੀਂ ਲਈ ,ਸਾਡੇ ਕਾਮਿਆਂ ਦੀ ਏਕਤਾ ਸਦਕਾ ਅਸੀਂ ਲੰਮੀ ਹੜਤਾਲ ਚਲਾਉਣ ਵਿੱਚ ਸਫਲ ਹੋਏ ਹਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਤੋਂ ਹਾਸਿਲ ਕਰਨ ਲਈ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ
4, ਲੇਬਰ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਨੇ ਦੱਸਿਆ ਕਿ ਸਾਡੇ ਮਜ਼ਦੂਰਾਂ ਦੀ ਦਿਵਾਲੀ ਵੀ ਫਿੱਕੀ ਹੀ ਰਹੇਗੀ, ਇਸ ਮਹਿੰਗਾਈ ਦੇ ਯੁੱਗ ਵਿੱਚ ਸਾਡੇ ਮਜ਼ਦੂਰਾਂ ਦੇ ਮਸਾਂ ਹੀ ਗੁਜ਼ਾਰੇ ਹੁੰਦੇ ਹਨ, ਇੱਕ ਮਹਿਗਾਈ ਦੀ ਮਾਰ ,ਦੂਜਾ ਹੜਾ ਦੇ ਕਾਰਨ ਮਜ਼ਦੂਰਾਂ ਦੇ ਹੱਥ ਵਿਹਲੇ ਹੋ ਗਏ ਹਨ। ਦੂਜਾ ਮਾੜੇ ਮੋਟੇ ਲੇਬਰ ਕਾਨੂੰਨ ਜੋ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਦੇ ਸਨ ਉਹ ਵੀ ਸਰਮਾਏਦਾਰੀ ਪੱਖੀ ਚਾਰ ਕੋਡਾਂ ਵਿੱਚ ਤਬਦੀਲ ਕਰਕੇ ਸਾਨੂੰ ਰੋਸ਼ਨੀ ਤੋਂ ਵਾਂਝੇ ਕਰ ਦਿੱਤਾ ਹੈ ਇਸ ਲਈ ਇਸ ਸਾਲ ਦੀ ਦਿਵਾਲੀ ਵੀ ਮਜ਼ਦੂਰਾਂ ਦੀ ਬੇ ਰੰਗ ਹੀ ਰਹੇਗੀ
5, ਸਿਹਤ ਵਿਭਾਗ ਵਿੱਚ ਵੱਖੋ ਵੱਖ ਕੈਟਾਗਰੀਆਂ ਤਹਿਤ ਠੇਕਾ ਕਾਮਿਆ ਦੀ ਮੌਜੂਦਾ ਹਾਲਤ ਨੂੰ ਬਿਆਨ ਕਰਦਿਆਂ ਐਨ ਐਚ ਐਮ ਨਰਸਾਂ ਦੀ ਆਗੂ ਪਰਮਜੀਤ ਕੌਰ ਪਟਿਆਲਾ ਨੇ ਦੱਸਿਆ ਕਿ ਇਸ ਸਾਲ ਦੀ ਦਿਵਾਲੀ ਸਾਡੇ ਸਿਹਤ ਕਾਮਿਆਂ ਲਈ ਨਵੀਂ ਰੌਸ਼ਨੀ ਨਹੀਂ ਲੈ ਕੇ ਆਈ, ਪੱਕੇ ਹੋਣ ਦੀ ਉਮੀਦ, ਉਮਰਾਂ ਵੱਡੀਆਂ, ਬੱਚੇ ਜਵਾਨ ਹੋਣ ਦੀ ਫਿਕਰਮੰਦੀ ਵਿੱਚ ਸਾਡੀ ਕਿਹੋ ਜਿਹੀ ਦਿਵਾਲੀ ਹੋਵੇਗੀ ?ਜਦੋਂ ਪੱਕੇ ਹੋਣ ਦੀ ਗੱਲ ਚਲਦੀ ਹੈ ਤਾਂ ਸਾਨੂੰ ਕੇਂਦਰੀ ਸਕੀਮਾਂ ਵਿੱਚ ਧੱਕ ਦਿੱਤਾ ਜਾਂਦਾ ਹੈ, ਉਮੀਦ ਸੀ ਕਿ ਸਾਡਾ ਵਿਭਾਗ ਦਾ ਮੰਤਰੀ ਇੱਕ ਡਾਕਟਰ ਹੋਣ ਦੇ ਨਾਤੇ ਸਿਹਤ ਵਿਭਾਗ ਵਿੱਚ ਲੱਗੇ ਠੇਕਾ ਕਾਮਿਆਂ ਦੇ ਦਰਦ ਨੂੰ ਜਰੂਰ ਮਹਿਸੂਸ ਕਰਦਾ, ਪ੍ਰੰਤੂ ਇਸ ਸਾਲ ਨੇ ਦਿਵਾਲੀ ਨੇ ਸਾਡੇ ਮੁਲਾਜ਼ਮਾਂ ਨੂੰ ਨਿਰਾਸ਼ ਹੀ ਕੀਤਾ ਹੈ
6 ਜੰਗਲਾਤ ਵਿਭਾਗ ਦੇ ਮੁਲਾਜ਼ਮ ਆਗੂ ਰਛਪਾਲ ਸਿੰਘ ਨੇ ਦੱਸਿਆ ਕਿ 25-30 ਸਾਲਾਂ ਤੋਂ ਵਾਤਾਵਰਨ ਨੂੰ ਬਚਾਉਣ ਲਈ ਦਰਖਤਾਂ ਦੀ ਸਾਂਭ ਸੰਭਾਲ ਕਰਨ ,ਹਰਾ ਭਰਾ ਕਰਦੇ ਹੋਏ ਅੱਧੀ ਜਿੰਦਗੀ ਲੰਘ ਗਈ ਹੈ। ਕੁਝ ਗਿਣਤੀ ਦੇ ਕਾਮੇ ਰੈਗੂਲਰ ਜਰੂਰ ਹੋਏ ਪ੍ਰੰਤੂ ਇਨੀਆਂ ਸਖ਼ਤ ਸ਼ਰਤਾਂ ਲਾਈਆਂ ਕਿ ਨਾ ਰੋ ਸਕਦੇ ਆਂ ਨਾ ਹੱਸ ਸਕਦੇ ਹਾਂ, ਨਾ ਪੈਨਸ਼ਨ ਸਗੋਂ ਰੈਗੂਲਰ ਹੋਣ ਤੋਂ ਤੁਰੰਤ ਹੀ ਬਿਨਾਂ ਪੈਨਸ਼ਨ ਸੇਵਾ ਮੁਕਤ ਦਾ ਦਰਦ ,ਇਸ ਦਿਵਾਲੀ ਮੌਕੇ ਤਾਂ ਤਨਖਾਹਾਂ ਵੀ ਨਸੀਬ ਨਹੀਂ ਹੋਈਆਂ ਸੋ ਸਾਡੇ ਕਾਮੇ ਨਾ ਰੋ ਸਕਦੇ ਹਨ ਨਾ ਹੱਸ ਸਕਦੇ ਹਨ ਬਸ ਬੁਢਾਪੇ ਦੀ ਚਿੰਤਾ ਨੇ ਦਿਵਾਲੀ ਦੀ ਰੋਸ਼ਨੀ ਨੂੰ ਮੱਧਮ ਪਾ ਦਿੱਤਾ ਹੈ ,
7,ਪਾਵਰਕਾਮ ਐਂਡ ਟਰਾਸਕੋ ਦੇ ਠੇਕਾ ਮੁਲਾਜ਼ਮ ਆਗੂ ਜਤਿੰਦਰ ਸਿੰਘ ਭੰਗੂ, ਥਰਮਲ ਦੇ ਆਗੂ ਮਹਿੰਦਰ ਪਾਲ ਨੇ ਦੱਸਿਆ ਕਿ ਰੋਸ਼ਨੀਆਂ ਤੋਂ ਬਿਨਾਂ ਦਿਵਾਲੀ ਦਾ ਕੋਈ ਮਹੱਤਵ ਨਹੀਂ ਹੈ। ਸਾਡੇ ਕਾਮਿਆਂ ਦੀ ਜ਼ਿੰਦਗੀ ਤੇ ਮੌਤ ਵਿੱਚ ਸਿਰਫ ਛੇ ਇੰਚ ਦਾ ਫਾਸਲਾ ਹੁੰਦਾ ਹੈ ਅਸੀਂ ਘਰ ਘਰ ਰੋਸ਼ਨੀ ਕਰਦੇ ਹਾਂ ਪਰ ਸਾਡੇ ਜੀਵਨ ਵਿੱਚ ਹਨੇਰਾ ਹੀ ਹਨੇਰਾ ਹੈ ਇਹ ਸਰਕਾਰ ਤੋਂ ਉਮੀਦ ਸੀ ਕਿ ਸਾਡੇ ਰੁਜ਼ਗਾਰ ਨੂੰ ਪੱਕਾ ਕਰਦੀ, ਉਜਰਤਾਂ ਵਿੱਚ ਵਾਧਾ ਕੀਤਾ ਜਾਂਦਾ , ਪ੍ਰੰਤੂ ਸਾਡੇ ਦਿਵਾਲੀ ਵਾਲੇ ਦੀਪਾਂ ਵਿੱਚ ਰੋਸ਼ਨੀ ਗਾਇਬ ਹੋ ਗਈ ਹੈ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।