ਰਾਜਪੁਰਾ, 24 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੀ ਅਗਵਾਈ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਜ਼ਿਲ੍ਹਾ ਪਟਿਆਲਾ ਦੇ ਬਲਾਕ ਰਾਜਪੁਰਾ 2 ਵਿੱਚੋਂ ਬਲਾਕ ਪੱਧਰੀ ਰਾਸ਼ਟਰੀ ਅਵਿਸ਼ਕਾਰ ਅਭਿਆਨ ਸਾਇੰਸ ਡਰਾਮਾ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਮੁਕਾਬਲਾ ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ, ਢਕਾਨਸੂ ਕਲਾਂ, ਰਾਜਪੁਰਾ ਵਿੱਚ ਹੈੱਡ ਮਾਸਟਰ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਰਾਜਪੁਰਾ-2 ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ।
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ ਡਰਾਮਾ “ਹਰਿਤ ਸੋਚ, ਹਰਿਤ ਪ੍ਰਯਾਸ — ਇਹੀ ਹੈ ਸਾਡੇ ਭਵਿੱਖ ਦਾ ਵਿਕਾਸ” ਵਿਸ਼ੇ ਹਰਿਤ ਤਕਨਾਲੋਜੀ ‘ਤੇ ਆਧਾਰਿਤ ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਵਾਤਾਵਰਨ ਸੁਰੱਖਿਆ, ਸਾਫ਼ ਊਰਜਾ ਦੇ ਪ੍ਰਯੋਗ ਅਤੇ ਸਥਾਈ ਵਿਕਾਸ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕੀਤੀ।
ਟੀਮ ਨੇ ਨਾ ਸਿਰਫ਼ ਪਹਿਲਾ ਸਥਾਨ ਹਾਸਲ ਕੀਤਾ, ਸਗੋਂ ਆਪਣੀ ਰਚਨਾਤਮਕ ਸਕ੍ਰਿਪਟ ਲਈ ਸਰਵੋਤਮ ਸਕ੍ਰਿਪਟ ਅਵਾਰਡ ਵੀ ਜਿੱਤਿਆ। ਇਸਦੇ ਨਾਲ ਹੀ ਵਿਦਿਆਰਥਣ ਮੁਸਕਾਨ ਨੂੰ ਡਰਾਮੇ ਵਿੱਚ ‘ਦਾਦੀ’ ਦਾ ਕਿਰਦਾਰ ਸ਼ਾਨਦਾਰ ਢੰਗ ਨਾਲ ਨਿਭਾਉਣ ਲਈ ਸਰਵੋਤਮ ਬਾਲ ਅਭਿਨੇਤਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੀਆਂ ਵਿਦਿਆਰਥਣਾਂ ਰਾਸ਼ੀ, ਮੁਸਕਾਨ, ਡੌਲੀ, ਸੁਗਮ ਪ੍ਰਿਆ, ਕਿਰਨਦੀਪ ਕੌਰ, ਇਸ਼ਤਾ, ਗਰੀਮਾ ਅਤੇ ਕਸ਼ਿਸ਼ ਨੇ ਨਾਟਕ ਵਿੱਚ ਆਪਣੀਆਂ ਭੂਮਿਕਾਵਾਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਈਆਂ।
ਹੁਣ ਇਹ ਟੀਮ ਬਲਾਕ ਰਾਜਪੁਰਾ-2 ਦੀ ਨੁਮਾਇੰਦਗੀ ਕਰਦਿਆਂ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਵਿੱਚ 30 ਅਕਤੂਬਰ ਨੂੰ ਪਟਿਆਲਾ ਵਿਖੇ ਪੇਸ਼ਕਾਰੀ ਕਰੇਗੀ।
ਸਕੂਲ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਮਾਰਗਦਰਸ਼ਕ ਸਾਇੰਸ ਅਧਿਆਪਿਕਾ ਰਾਜਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਸਕੂਲ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਗਾਈਡ ਅਧਿਆਪਿਕਾ ਵਿਦਿਆਰਥੀਆਂ ਦੀ ਰਚਨਾਤਮਕ ਸੋਚ, ਟੀਮ ਵਰਕ ਅਤੇ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਮੀਨਾ ਰਾਣੀ, ਹਰਜੀਤ ਕੌਰ, ਰਾਜਿੰਦਰ ਸਿੰਘ ਚਾਨੀ, ਕਰਮਦੀਪ ਕੌਰ, ਮੀਨੂ ਅਗਰਵਾਲ, ਹੀਨਾ ਅਤੇ ਹੋਰ ਮੈਂਬਰ ਵੀ ਮੌਜੂਦ ਸਨ।












