ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਦੇ ਕੁਪ੍ਰਭਾਵਾਂ ਬਾਰੇ ਜਾਗਰੂਕਤਾ ਵੀ ਫੈਲਾਈ ਗਈ
ਰਾਜਪੁਰਾ, 25 ਅਕਤੂਬਰ,ਬੋਲੇ ਪੰਜਾਬ ਬਿਉਰੋ;
ਸਾਂਝ ਕੇਂਦਰ ਰਾਜਪੁਰਾ ਟਾਊਨ ਦੇ ਇੰਚਾਰਜ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੀ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਦੀ ਦੇਖ-ਰੇਖ ਹੇਠ ਸਕੂਲ ਪ੍ਰੰਗਣ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ, ਦਿਲ ਦਾ ਦੌਰਾ ਪੈਣ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਅਤੇ ਨਸ਼ਿਆਂ ਦੇ ਕੁਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ ਸੀ।

ਭੁਪਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਨੇ ਬੱਚਿਆਂ ਨੂੰ ਸਾਂਝ ਕੇਂਦਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸਾਇਬਰ ਕ੍ਰਾਇਮ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਬੁਲਾਰੇ ਸਮਾਜ ਸੇਵੀ ਕਾਕਾ ਰਾਮ ਵਰਮਾ (ਪਟਿਆਲਾ) ਨੇ ਬੱਚਿਆਂ ਨਾਲ ਰੁਚਿਕਰ ਢੰਗ ਨਾਲ ਸੰਵਾਦ ਕਰਦਿਆਂ ਮੌਜੂਦਾ ਜੀਵਨ ਨਾਲ ਜੁੜੀਆਂ ਉਦਾਹਰਨਾਂ ਰਾਹੀਂ ਉਨ੍ਹਾਂ ਨੂੰ ਚੰਗੀਆਂ ਆਦਤਾਂ ਅਤੇ ਨੈਤਿਕ ਮੁੱਲ ਅਪਣਾਉਣ ਲਈ ਪ੍ਰੇਰਿਤ ਕੀਤਾ। ਰਾਮ ਸ਼ਰਨ ਏ.ਐੱਸ.ਆਈ., ਰਾਜਿੰਦਰ ਸਿੰਘ ਐੱਸ.ਐੱਸ. ਮਾਸਟਰ ਤੇ ਸਕਾਊਟ ਮਾਸਟਰ ਅਤੇ ਜਗਜੀਤ ਸਿੰਘ ਹੌਲਦਾਰ ਨੇ ਵੀ ਵਿਦਿਆਰਥੀਆਂ ਨੂੰ ਚੰਗੀ ਸਿਹਤ, ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਵੱਲ ਜਾਗਰੂਕ ਕੀਤਾ।
ਸਕੂਲ ਦੀ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਨੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਸਾਂਝ ਕੇਂਦਰ ਇੰਚਾਰਜ ਭੁਪਿੰਦਰ ਸਿੰਘ, ਕਾਕਾ ਰਾਮ ਵਰਮਾ ਅਤੇ ਨਾਲ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰਜੀਤ ਕੌਰ, ਹੀਨਾ, ਮੀਨੂ ਅਗਰਵਾਲ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।












