ਪੈਸਾ ਇਨਵੈਸਟ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਲਾਜ਼ਮੀ
——-
ਮੇਰੀ ਸੰਭਾਲ ਚ ਪੰਜਾਬ ਚ ਧੋਖਾ ਧੜੀ ਦੀ ਸ਼ੁਰੂਆਤ ਸਰਹਿੰਦ ਚ ਇੱਕ ਕਮੇਟੀ ਪਾਉਣ ਵਾਲੇ ਤੋਂ ਸ਼ੁਰੂ ਹੋ ਕੇ ਪਰਲ,ਗੋਲਡਨ ਫੋਰੈਸਟ ਤੇ ਸਰਬੋਤਮ ਆਦਿ ਕਈ ਹੋਰ ਕੰਪਨੀਆਂ ਤੋ ਹੁੰਦੀ ਹੋਈ ਹੋਈ ਹੁਣ ਸਮਰਾਲਾ ਚ ਜਨਰੇਸ਼ਨ ਆਫ਼ ਫਾਰਮਿੰਗ ਨਾਂ ਦੀ ਕੰਪਨੀ ਵੱਲੋਂ ਧੋਖਾਧੜੀ ਕੀਤੇ ਜਾਣ ਤੱਕ ਲਗਾਤਾਰ ਜਾਰੀ ਹੈ। ਇਹ ਕੰਪਨੀ ਜੈਵਿਕ ਖੇਤੀ ਨੂੰ ਆਧਾਰ ਬਣਾ ਕਿ ਲੋਕਾਂ ਨੂੰ 8% ਵਿਆਜ ਤੇ 25 ਮਹੀਨਿਆਂ ਚ ਰਕਮ ਨੂੰ ਦੁੱਗਣਾ ਕਰਨਾ ਦਾ ਭਰੋਸਾ ਦਿੰਦੀ ਸੀ।ਇਸ ਤੋਂ ਇਲਾਵਾ ਕੁੱਝ ਨੂੰ ਉਕਤ ਲਾਭਾਂ ਤੋਂ ਬਿਨਾਂ ਪਲਾਟ ਦੇਣ ਦਾ ਇਕਰਾਰ ਵੀ ਕੀਤਾ ਗਿਆ।ਇਸ ਕੰਪਨੀ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਦਾ ਮਾਮਲਾ ਇੰਨੀ ਦਿਨੀ ਅਖ਼ਬਾਰਾਂ ਦੀਆਂ ਸੁਰਖੀਆਂ ਚ ਛਾਇਆ ਰਿਹਾ ਹੈ।ਖੰਨਾ ਪੁਲਿਸ ਵੱਲੋਂ ਲਗਭਗ 170.57 ਕਰੋੜ ਦੀ ਧੋਖਾ ਧੜੀ ਦਾ ਮਾਮਲਾ ਦਰਜ਼ ਕਰਕੇ ਇਸ ਕੰਪਨੀ ਦੇ ਕਾਰਨਾਮੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਅਨੁਸਾਰ 23,249 ਲੋਕ ਇਸ ਧੋਖਾਧੜੀ ਦੇ ਸ਼ਿਕਾਰ ਹੋਏ ਹਨ।ਐੱਸਐੱਸਪੀ ਜੋਤੀ ਯਾਦਵ ਦੀ ਅਗਵਾਹੀ ਚ ਪੁਲਿਸ ਦੀ ਇਹ ਕਾਰਵਾਈ ਕਾਬਲੇ ਤਾਰੀਫ਼ ਆਖੀ ਜਾ ਸਕਦੀ ਹੈ। ਹੁਣ ਤੱਕ ਖੰਨਾ ਪੁਲਿਸ ਵੱਲੋਂ 42 ਦੇ ਕਰੀਬ ਖਾਤਿਆਂ ਨੂੰ ਫ੍ਰੀਜ਼ ਕੀਤਾ ਗਿਆ ਹੈ।ਜਿਸ ਵਿੱਚ ਇੱਕ ਕਰੋੜ 15 ਲੱਖ ਤੋ ਉੱਪਰ ਦਾ ਕੈਸ਼ ਜਮ੍ਹਾ ਹੈ।ਜਾਣਕਾਰੀ ਅਨੁਸਾਰ ਬਹੁਤ ਸਾਰੇ ਲੋਕਾਂ ਵੱਲੋਂ ਕਮੇਟੀਆਂ ਘਾਟੇ ਚ ਚੁੱਕ ਅਤੇ ਵਿਆਜ ਤੇ ਪੈਸੇ ਫੜ ਕੇ ਇਸ ਉਕਤ ਕੰਪਨੀ ਚ ਲੱਖਾਂ ਰੁਪਏ ਇਨਵੈਸਟ ਕੀਤੇ ਗਏ। ਜੋ ਅੱਜ ਮਿੱਟੀ ਹੋ ਗਏ ਹਨ।
ਪੁਲਿਸ ਮੁਤਾਬਕ ਇਸ ਕੰਪਨੀ ਨੂੰ ਚਲਾ ਰਹੇ ਲੋਕ ਪੰਜਾਬ,ਹਰਿਆਣਾ ਤੇ ਉੱਤਰ ਪ੍ਰਦੇਸ਼ ਨਾਲ ਸੰਬੰਧਤ ਦੱਸੇ ਜਾਂਦੇ ਹਨ।ਧੋਖਾਧੜੀ ਚ ਹਿੱਸੇਦਾਰ ਅੱਠ ਦੇ ਕਰੈਬ ਲੋਕ ਫੜੇ ਗਏ ਹਨ ਤੇ 10-12 ਮੁੱਖ ਲੋਕ ਹਾਲੇ ਪੁਲਿਸ ਦੀ ਗ੍ਰਿਫ਼ਤ ਚੋ ਬਾਹਰ ਹਨ ।ਖੰਨਾ ਪੁਲਿਸ ਵੱਲੋਂ ਐਸਪੀ ਦੀ ਅਗਵਾਹੀ ਚ ਇੱਕ ਸਿਟ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਬਾਕੀ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤ ਕਰਕੇ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ।ਪਰ ਸਵਾਲ ਉੱਠਦਾ ਹੈ ਕਿ ਲੋਕ ਇਨਾਂ ਕੰਪਨੀਆਂ ਚ ਪੈਸਾ ਲਾਉਣ ਤੋਂ ਪਹਿਲਾਂ ਜਾਂਚ ਪੜਤਾਲ ਕਿਉਂ ਨਹੀਂ ਕਰਦੇ ? ਲਾਲਚ ਆ ਕਿ ਆਪਣਾ ਲੱਖਾਂ ਰੁਪਿਆ ਕਿਉਂ ਗਵਾ ਲੈਂਦੇ ਹਨ?ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ। ਕਿਉਂ ਠੱਗੇ ਜਾਣ ਪਿੱਛੋਂ ਹੀ ਲੋਕ ਸਾਹਮਣੇ ਆਉਂਦੇ ਹਨ ? ਕਿਉਂ ਨਹੀਂ ਪੈਸਾ ਇਨਵੈਸਟ ਕਰਨ ਤੋਂ ਪਹਿਲਾਂ ਪੂਰੀ ਜਾਂਚ ਪੜਤਾਲ ਕਰਦੇ ?
ਸੋ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਜੇ ਤੁਹਾਨੂੰ ਕੋਈ ਲੋੜ ਤੋ ਵੱਧ ਲਾਲਚ ਦਿੰਦਾ ਹੈ ਤਾਂ ਉਸ ਤੇ ਗੰਭੀਰਤਾ ਨਾਲ ਵਿਚਾਰ ਕਰੋ।ਕਦੇ ਲਾਲਚ ਚ ਨਾ ਆਵੋ।ਕਿਉਂਕਿ ਲਾਲਚ ਪਾਪ ਦਾ ਗੁਰੂ ਹੈ। ਇਹ ਗੱਲ ਹਮੇਸ਼ਾਂ ਯਾਦ ਰੱਖੋ।ਅਗਲੀ ਖਾਸ ਗੱਲ ਸਿਰਫ ਇਹ ਨਾ ਵੇਖੋ ਕਿ ਇਨਾਂ ਕੰਪਨੀਆਂ ਦਾ ਉਦਘਾਟਨ ਮੰਤਰੀ ਜਾਂ ਐਮ ਐਲ ਏ ਕਰਦੇ ਹਨ ਤਾਂ ਉਹ ਸਹੀ ਤੇ ਭਰੋਸੇਯੋਗ ਹੈ। ਅਜਿਹਾ ਬਿਲਕੁਲ ਨਹੀਂ ਹੁੰਦਾ।
ਹੁਣ ਅਗਲੀ ਗੱਲ ਇਹ ਕਿ ਇਸ ਕੰਪਨੀ ਚ ਲੋਕਾਂ ਦਾ ਡੁੱਬਿਆ ਪੈਸਾ ਵਾਪਿਸ ਮੁੜ ਸਕੇਗਾ ? ਜੇ ਪਿਛਲਾ ਇਤਿਹਾਸ ਵੇਖੀਏ ਤਾਂ ਬਹੁਤ ਘੱਟ ਸੰਭਾਵਨਾ ਲੱਗਦੀ ਹੈ । ਕਿਉਂਕਿ ਪੁਲਿਸ ਦੋਸ਼ੀਆਂ ਨੂੰ ਫੜ ਕੇ ਮੁਕੱਦਮਾ ਦਰਜ ਕਰ ਦੇਵੇਗੀ । ਅਦਾਲਤਾਂ ਚ ਸਾਲਾਂ ਬੱਦੀ ਮੁਕੱਦਮਾ ਚੱਲੇਗਾ। ਉਸ ਦਾ ਕੀ ਫੈਸਲਾ ਆਵੇਗਾ ? ਇਸ ਵਾਰੇ ਕੁਝ ਨਹੀਂ ਕਿਹਾ ਜਾ ਸਕਦਾ ।ਕਿਉਂਕਿ ਜੇ ਪਾਠਕਾਂ ਨੂੰ ਚੇਤੇ ਹੋਵੇ ਤਾਂ ਪਰਲ ਗਰੁੱਪ ਨੇ ਲੋਕਾਂ ਤੋਂ ਸੱਠ ਹਜ਼ਾਰ( ਕਰੋੜ ਇਕੱਠੇ ਕੀਤੇ ਸਨ।ਪਰਲ ਗਰੁੱਪ ਦੇ ਸੀਐਮਡੀ ਨਿਰਮਲ ਭੰਗੂ ਦੀਆਂ 1.85 ਲੱਖ ਕਰੋੜ ਦੀਆਂ ਜਾਏਦਾਤਾਂ ਪਤਾ ਕੀਤੀਆਂ ਗਈਆਂ ਸਨ।ਪਿਛਲੇ ਵਰ੍ਹੇ ਨਿਰਮਲ ਭੰਗੂ ਜੇਲ੍ਹ ਅੰਦਰ ਹੀ ਰੱਬ ਨੂੰ ਪਿਆਰ ਹੋ ਗਿਆ।ਇਸੇ ਤਰ੍ਹਾਂ ਇਹ ਠੱਗੀ ਮਾਰਨ ਵਾਲੇ ਕਥਿਤ ਦੋਸ਼ੀ ਵੀ ਜੇਲ੍ਹ ਚ ਭੇਜ ਦਿੱਤੇ ਜਾਣਗੇ ।ਹਾਂ ਜੇ ਉਨਾਂ ਦੀ ਜਾਏਦਾਤ ਹੋਈ ਤਾਂ ਅਦਾਲਤ ਦੀ ਲੰਬਾਈ ਪ੍ਰਕਿਰਿਆ ਪਿੱਛੋਂ ਹੋ ਸਕਦਾ ਹੈ ਉਸ ਨੂੰ ਲੋਕਾਂ ਚ ਵੰਡਣ ਦਾ ਆਦੇਸ਼ ਹੋਵੇ ।ਪਰ ਫਿਲਹਾਲ ਇਹ ਗੱਲ ਭਵਿੱਖ ਦੇ ਗਰਭ ਹੈ। ਸੋ ਜੇ ਪੈਸਾ ਇਨਵੈਸਟ ਕਰਨਾ ਹੈ ਤਾਂ ਹਰ ਪੱਖ ਨੂੰ ਖਿਆਲ ਚ ਰੱਖ ਕੇ ਮੁਕੰਮਲ ਜਾਂਚ ਪੜਤਾਲ ਉਪਰੰਤ ਹੀ ਪੈਸਾ ਇਨਵੈਸਟ ਕਰੋ ਤਾਂ ਜੋ ਤੁਹਾਡਾ ਪੈਸਾ ਨਾ ਡੁੱਬੇ ਅਤੇ ਨਾ ਹੀ ਤੁਸੀਂ ਖਾਹਮਖਾਹ ਬੇਲੋੜੀ ਪ੍ਰੇਸ਼ਾਨੀ ਚ ਸਾਹਮਣਾ ਕਰੋ। ਸੋ ਹਮੇਸ਼ਾਂ ਸੁਚੇਤ ਰਹਿ ਕਿ ਹੀ ਆਪਣਾ ਪੈਸਾ ਇਨਵੈਸਟ ਕਰੋ ਤਾਂ ਜੋ ਅਜਿਹੀਆਂ ਧੋਖਾਧੜੀਆਂ ਤੋਂ ਬਚ ਸਕੋ।
ਅਜੀਤ ਖੰਨਾ
ਐਮਏ( ਇਤਿਹਾਸ)ਐੱਮਫਿਲ, ਮਾਸਟਰ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਬੀਐਡ
ਮੋਬਾਈਲ:76967-54679















