ਮੋਹਾਲੀ 27 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਅੱਜ ਮਿਤੀ 27 ਅਕਤੂਬਰ 2025 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੇ ਕੈਂਪਸ ਵਿਖੇ ਨਵੀਂ ਚੁਣੀ ਗਈ ਜਥੇਬੰਦੀ ਦਾ ਸਹੁੰ ਚੁੱਕ ਸਮਾਗਮ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਸਵੇਰੇ ਤੋਂ ਹੀ ਬੋਰਡ ਦਫ਼ਤਰ ਵਿੱਚ ਜੋਸ਼ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ ਅਤੇ ਸਮਾਗਮ ਵਿੱਚ ਮੁਲਾਜ਼ਮਾਂ ਦਾ ਵੱਡਾ ਇਕੱਠ ਹੋਇਆ। ਚੋਣ ਕਮਿਸ਼ਨ ਦੇ ਮੈਂਬਰ ਸ਼੍ਰੀ ਗੁਲਾਬ ਚੰਦ ਜੀ ਵੱਲੋਂ ਵੱਲੋਂ ਜੇਤੂ ਉਮੀਦਵਾਰਾਂ ਦਾ ਨਤੀਜਾ ਅਧਿਕਾਰਤ ਤੌਰ ‘ਤੇ ਘੋਸ਼ਿਤ ਕਰਨ ਉਪਰੰਤ ਮੁਲਾਜ਼ਮਾਂ ਵੱਲੋਂ ਸਾਰੇ ਜੇਤੂ ਉਮੀਦਵਾਰਾਂ ਦਾ ਗੁਲਦਸਤਿਆਂ ਅਤੇ ਹਾਰਾਂ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਪਿਛਲੀ ਜਥੇਬੰਦੀ ਦੇ ਜਨਰਲ ਸਕੱਤਰ ਵੱਲੋਂ ਨਵੇਂ ਚੁਣੇ ਗਏ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੂੰ ਕਾਰਵਾਈ ਰਜਿਸਟਰ ਸੌਂਪ ਕੇ ਜ਼ਿੰਮੇਵਾਰੀ ਅਧਿਕਾਰਿਤ ਤੌਰ ‘ਤੇ ਪ੍ਰਦਾਨ ਕੀਤੀ ਗਈ ਅਤੇ ਸਟੇਜ ਦੀ ਕਮਾਨ ਨਵੀਂ ਜਥੇਬੰਦੀ ਦੇ ਜਨਰਲ ਸਕੱਤਰ ਨੂੰ ਸੌਂਪੀ ਗਈ। ਨਵੇਂ ਚੁਣੇ ਗਏ ਜਨਰਲ ਸਕੱਤਰ ਵੱਲੋਂ ਬੋਰਡ ਨੂੰ ਬੁਲੰਦੀਆ ਤੱਕ ਪਹੁੰਚਾਉਣ ਅਤੇ ਮੁਲਾਜ਼ਮ ਮੰਗਾਂ ਤੇ ਪਹਿਰਾ ਦੇਣ ਲਈ ਸਾਰੀਆਂ ਜਥੇਬੰਦੀਆਂ ਜਿਵੇਂ ਕਿ ਰਿਟਾਇਰੀ ਜਥੇਬੰਦੀ, ਅਨੁਸੂਚਿਤ ਜਾਤੀ ਜਥੇਬੰਦੀ ਅਤੇ ਦਿਹਾੜੀਦਾਰ ਮੁਲਾਜ਼ਮਾਂ ਦੀ ਜਥੇਬੰਦੀ ਨੂੰ ਇੱਕਜੁੱਟ ਹੋਣ ਲਈ ਅਪੀਲ ਕੀਤੀ ਗਈ।
ਅੱਜ ਦਾ ਇਹ ਸਮਾਗਮ ਇਸ ਗੱਲ ਲਈ ਵੀ ਵਿਸ਼ੇਸ਼ ਰਿਹਾ ਕਿ ਪਹਿਲੀ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਨਯੋਗ ਚੇਅਰਮੈਨ ਡਾ. ਅਮਰਪਾਲ ਸਿੰਘ (ਰਿਟਾਇਰਡ IAS) ਜੀ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਉਹਨਾਂ ਨੇ ਨਵੀਂ ਚੁਣੀ ਗਈ ਜਥੇਬੰਦੀ ਨੂੰ ਵਧਾਈ ਦਿੰਦਿਆਂ ਮੁਲਾਜ਼ਮਾਂ ਨੂੰ ਇੱਕਜੁੱਟ ਰਹਿਣ, ਤਨਦੇਹੀ ਨਾਲ ਸੇਵਾ ਕਰਨ ਅਤੇ ਬੋਰਡ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਬੋਰਡ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਸਮੂਹ ਮੁਲਾਜ਼ਮਾਂ, ਚੋਣ ਕਮਿਸ਼ਨ ਅਤੇ ਬੋਰਡ ਮੈਨੇਜਮੈਂਟ ਅਤੇ ਮਾਣਯੋਗ ਚੇਅਰਮੈਨ ਜੀ ਦਾ ਹਿਰਦੇ ਤੋਂ ਧੰਨਵਾਦ ਕੀਤਾ ਅਤੇ ਪ੍ਰਧਾਨ ਵੱਲੋਂ ਮੁਲਾਜ਼ਮਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਇਹ ਜਥੇਬੰਦੀ ਮੁਲਾਜ਼ਮਾਂ ਦੇ ਵਿਸ਼ਵਾਸ ਦੀ ਪ੍ਰਤੀਕ ਹੈ ਅਤੇ ਇਹ ਵਿਸ਼ਵਾਸ ਹੀ ਸਾਡੇ ਹੌਂਸਲੇ ਨੂੰ ਮਜ਼ਬੂਤ ਕਰਦਾ ਹੈ। ਇਸ ਮੌਕੇ ਨਵੀਂ ਚੁਣੀ ਜਥੇਬੰਦੀ ਦੇ ਅਹੁਦੇਦਾਰ ਲਖਵਿੰਦਰ ਸਿੰਘ ਘੜੂੰਆਂ, ਮਨੋਜ ਕੁਮਾਰ ਰਾਣਾ ਅਤੇ ਗੁਰਚਰਨ ਸਿੰਘ ਤਰਮਾਲਾ ਨੇ ਵੀ ਇਕੱਠ ਨੂੰ ਸੰਬੋਧਤ ਕੀਤਾ ਅਤੇ ਭਵਿੱਖ ਵਿੱਚ ਮੁਲਾਜ਼ਮ ਹਿੱਤਾਂ ਦੀ ਰੱਖਿਆ ਲਈ ਲਗਾਤਾਰ ਜੱਦੋ-ਜਹਿਦ ਜਾਰੀ ਰੱਖਣ ਦਾ ਸੰਕਲਪ ਜਤਾਇਆ। ਇਸ ਤੋਂ ਇਲਾਵਾ ਹਰਦੀਪ ਸਿੰਘ ਗਿੱਲ ਅਤੇ ਗੁਰਿਕਬਾਲ ਸਿੰਘ ਸੋਢੀ ਨੇ ਵੀ ਨਵੀਂ ਚੁਣੀ ਗਈ ਜਥੇਬੰਦੀ ਨੂੰ ਵਧਾਈ ਦਿੱਤੀ, ਨਵੀਂ ਚੁਣੀ ਜਥੇਬੰਦੀ ਮੁਲਾਜ਼ਮਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਸਮਾਗਮ ਦੇ ਅੰਤ ਵਿੱਚ ਖੁਸ਼ੀ ਅਤੇ ਭਾਈਚਾਰਕ ਮਾਹੌਲ ਵਿੱਚ ਚਾਹ ਅਤੇ ਲੱਡੂ ਵੰਡੇ ਗਏ, ਜਿੱਥੇ ਸਾਰੇ ਕਰਮਚਾਰੀਆਂ ਨੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਏਕਤਾ ਦੇ ਸੁਨੇਹੇ ਨਾਲ ਇਹ ਸਹੁੰ ਚੁੱਕ ਸਮਾਗਮ ਮਨਾਇਆ ਗਿਆ।
ਇਸ ਮੌਕੇ ਨਵੀਂ ਚੁਣੀ ਟੀਮ ਦੇ ਅਹੁਦੇਦਾਰ ਗੁਰਜੀਤ ਸਿੰਘ ਬੀਦੋਵਾਲੀ, ਮੈਡਮ ਸੀਮਾ ਸੂਦ, ਹਰਮਨਦੀਪ ਸਿੰਘ ਬੋਪਾਰਾਏ, ਮਲਕੀਤ ਸਿੰਘ ਗੱਗੜ, ਲਖਵਿੰਦਰ ਸਿੰਘ ਘੜੂੰਆਂ, ਰਾਜੀਵ ਕੁਮਾਰ, ਤੇਜਿੰਦਰ ਸਿੰਘ ਕਾਲੇਕਾ, ਰਣਜੀਤ ਸਿੰਘ, ਰਾਕੇਸ਼ ਕੁਮਾਰ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਮਨਜਿੰਦਰ ਸਿੰਘ ਕੰਗ, ਰੁਪਿੰਦਰ ਕੌਰ, ਵਰਿੰਦਰ ਕੌਰ ਅਤੇ ਸੁਰਿੰਦਰ ਸਿੰਘ ਹਾਜ਼ਰ ਸਨ। ਪ੍ਰੈਸ ਨੋਟ ਜਥੇਬੰਦੀ ਦੇ ਪ੍ਰੈੱਸ ਸਕੱਤਰ ਮਨਜਿੰਦਰ ਸਿੰਘ ਹੁਲਕਾ ਵੱਲੋਂ ਜਾਰੀ ਕੀਤਾ ਗਿਆ।












