ਸਿੱਖ ਗੁਰੂਆਂ ਦੀ 15 ਵੀਂ ਅਤੇ 16 ਵੀਂ ਸਦੀ ਦੀ ਮਰਦ ਅਤੇ ਇਸਤਰੀ ਦੀ ਬਰਾਬਰੀ ਦੀ ਕਲਪਨਾ ਇਨਕਲਾਬੀ ਸੀ
ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਚ ਪਹਿਲੇ ਅਜਿਹੇ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਹੋਏ ਹਨ ਜਿਨ੍ਹਾਂ ਨੇ ਔਰਤ ਜਾਤੀ ਨੂੰ ਸਨਮਾਨ ਦਿੱਤਾ।ਉਸਦੀ ਰੱਜ ਕੇ ਵਡਿਆਈ ਕੀਤੀ।ਇਸ ਤੋ ਪਹਿਲਾਂ ਸਮਾਜ ਚ ਔਰਤ ਨੂੰ ਦੁਰਕਾਰਿਆ ਜਾਂਦਾ ਸੀ।ਉਸਦਾ ਅਪਮਾਨ ਕੀਤਾ ਜਾਂਦਾ ਸੀ।ਉਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਗੱਲ ਕੀ ਉਸ ਸਮੇ ਜੰਮਦੀ ਕੁੜੀ ਨੂੰ ਮਾਰ ਦਿੱਤਾ ਜਾਂਦਾ ਸੀ ।ਕੁੜੀਆਂ ਨੂੰ ਵੇਚਿਆ ਜਾਂਦਾ ਸੀ।ਔਰਤਾਂ ਘੁੰਢ ਕੱਢ ਕੇ ਰੱਖਦੀਆਂ ਸਨ।ਛੋਟੀ ਉਮਰੇ ਵਿਆਹ ਕਰ ਦਿੱਤਾ ਜਾਂਦਾ ਸੀ ।ਇਥੋਂ ਤੱਕ ਕੇ ਪਤੀ ਦੇ ਮਰਨ ਦੇ ਨਾਲ ਹੀ ਪਤਨੀ ਨੂੰ ਚਿਤਾ ਵਿਚ ਜਲਾ ਦੇਣ ਵਰਗੀਆਂ ਮਾੜੀਆਂ ਕੁਰੀਤੀਆਂ ਪ੍ਰਚਲਤ ਸਨ।ਔਰਤ ਨੂੰ ਮਰਦ ਦੇ ਬਰਾਬਰ ਕੋਈ ਹੱਕ ਨਹੀਂ ਸੀ।ਆਦਮੀ ਔਰਤ ਨੂੰ ਆਪਣੀ ਮਲਕੀਅਤ ਸਮਝਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਇਸ ਤਰਾਂ ਦੀ ਦੁਰਦਸ਼ਾ ਨੂੰ ਦੇਖ ਕੇ ਨਾ ਕੇਵਲ ਇਸ ਦੀ ਨਿੰਦਾ ਕੀਤੀ ,ਸਗੋਂ ਇਨਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਔਰਤ ਦੀ ਵਡਿਆਈ ਕੀਤੀ।ਲੋਕਾਂ ਨੂੰ ਸਮਝਾਇਆ ਕੇ ਔਰਤ ਤੋਂ ਹੀ ਸਾਰੇ ਜਗਤ ਦਾ ਪਸਾਰ ਹੋਇਆ ਹੈ। ਔਰਤ ਕਾਰਨ ਹੀ ਸਾਡੇ ਦੁਨਿਆਵੀ ਸੰਬਧ ਅਤੇ ਰਿਸ਼ਤੇਦਾਰੀਆਂ ਬਣੀਆਂ ਹਨ।ਔਰਤ ਬਿਨਾਂ ਮਨੁੱਖ ਅਧੂਰਾ ਹੈ।
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਧਾਰਿਆ ਤਾ ਔਰਤ ਨੂੰ ਮਰਦ ਦੇ ਮੁਕਾਬਲੇ ਨੀਵਾਂ ਸਮਝਿਆ ਜਾਂਦਾ ਸੀ।ਉਨ੍ਹਾਂ ਸਮਾਜ ਚ ਔਰਤ ਨੂੰ ਉੱਚਾ ਚੁੱਕਣ ਵਾਸਤੇ ਔਰਤ ਦੀ ਵਡਿਆਈ ਕੀਤੀ ਤੇ ਕਿਹਾ:
ਭੰਡਿ ਜੰਮੀਐ ਭੰਡ ਨਿੰਮੀਐ,ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ,ਭੰਡਹੁ ਚਲੈ ਰਾਹੁ ॥
ਭੰਡੁ ਮੂਆ ਭੰਡੁ ਭਾਲੀਐ,ਭੰਡਿ ਹੋਵੇ ਬੰਧਾਨ ॥
ਸੋ ਕਿਉਂ ਮੰਦਾ ਆਖੀਐ,ਜਿਤਿ ਜੰਮੈ ਰਾਜਾਨ ॥
ਸ੍ਰੀ ਗੁਰੂ ਨਾਨਕ ਦੇਵ ਜੀ ਮਗਰੋਂ ਉਨਾਂ ਦੇ ਉਤਰਾਅਧਿਕਾਰਿਆਂ ਨੇ ਵੀ ਇਸਤਰੀ ਨੂੰ ਮਨੁੱਖੀ ਸਮਾਜ ਵਿਚ ਨੀਵੀਂ ਸਮਝੇ ਜਾਣ ਦਾ ਨਾ ਸਿਰਫ ਵਿਰੋਧ ਕੀਤਾ ਸਗੋਂ ਆਪਣੇ ਸਮੇਂ ਵਿਚ ਚੱਲਦੀ ਸਤੀ ਪ੍ਰਥਾ,ਪਰਦਾ ਪ੍ਰਥਾ,ਪ੍ਰਥਾ ਸੂਤਕ ਆਦਿ ਦੀ ਵੀ ਡਟ ਕੇ ਨਿੰਦਾ ਕੀਤੀ।ਸਿੱਖ ਗੁਰੂਆਂ ਦੀ ਪੰਦਰਵੀ ਅਤੇ ਸੋਲਵੀਂ ਸਦੀ ਦੀ ਮਰਦ ਅਤੇ ਇਸਤਰੀ ਦੀ ਬਰਾਬਰੀ ਦੀ ਕਲਪਨਾ ਇਨਕਲਾਬੀ ਸੀ। ਜਦ ਕੇ ਯੂਰਪ ਵਿਚ ਤਾਂ ਨਾਰੀਵਾਦੀ ਸੋਚ 18 ਵੀਂ ਤੇ 19 ਵੀਂ ਸਦੀ ਚ ਸ਼ੁਰੂ ਚ ਹੋਈ ਅਤੇ 20 ਵੀਂ ਸਦੀ ਚ ਵਿਕਸਤ ਹੋਈ।
ਇਸਤਰੀ ਨੂੰ ਬਰਾਬਰ ਦਾ ਹੱਕ ਦਿੰਦੇ ਹੋਏ ਤੇ ਇਸਤਰੀ ਅਤੇ ਮਰਦ ਵਿਚਕਾਰ ਵਿਤਕਰਾ ਦੂਰ ਕਰਨ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤਾਂ ਨੂੰ ਹੁਕਮ ਦਿੱਤਾ ਸੀ ਕਿ ਇਸਤਰੀਆਂ ਪਰਦਾ ਕਰਕੇ ਸੰਗਤਾਂ ਵਿੱਚ ਨਾਂ ਆਉਣ ਅਤੇ ਮਾਈਆਂ ਭਾਈਆਂ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਣ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵੀ ਪਰਵਾਰ ਵਿੱਚ ਇਸਤਰੀ ਦਾ ਦਰਜਾ ਬੜਾ ਸ੍ਰੇਸ਼ਟ ਦਰਸਾਇਆ ਗਿਆ ਹੈ ।ਉਨਾਂ ਦੇ ਬਚਨ ਹਨ:
ਸਭ ਪਾਰਵਾਰੈ ਮਾਹਿ ਸਰੇਸਟ ॥
ਮਤੀ ਦੇਵੀ ਦੇਵਰ ਜੇਸਟ॥
ਧੰਨੁ ਸੁ ਗਿੑਹ ਜਿਉਂ ਪ੍ਰਗਟੀ॥
ਜਨ ਨਾਨਕ ਸੁਖਿ ਵਿਹਾਇਆ ॥
ਧਾਰਮਿਕ ਪਰੰਪਰਾ ਵਿੱਚ ਔਰਤ ਨੂੰ ਉੱਚਾ ਚੁੱਕਣ ਲਈ ਗੁਰੂ ਸਾਹਿਬ ਨੇ ਕਿਹਾ ਕਿ ਜੀਵਨ ਉਦੇਸ਼ ਦੀ ਪ੍ਰਾਪਤੀ ਲਈ ਸੰਸਾਰ ਤਿਆਗਣ ਦੀ ਲੋੜ ਨਹੀਂ ਹੈ ਤੇ ਨਾ ਹੀ ਗ੍ਰਹਿਸਤ ਤੋਂ ਦੂਰ ਭੱਜ ਕੇ ਇਸਤਰੀ ਜਾਤੀ ਦੀ ਨਿੰਦਾ ਕਰਨ ਦੀ।ਸਗੋਂ ਜਿਹੜੇ ਜੋਗੀ ਤਪੀ ਜਪੀ ਸਨਿਆਸੀ ਇਸਤਰੀ ਦਾ ਵਿਰੋਧ ਕਰ ਕੇ ਸੰਸਾਰ ਤਿਆਗਦੇ ਹਨ ਉਨਾਂ ਨੂੰ ਇਸ ਗੱਲ ਉੱਤੇ ਵੀ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਉਨਾਂ ਦਾ ਜਨਮ ਵੀ ਔਰਤ ਦੀ ਕੁੱਖ ਤੋਂ ਹੀ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਔਰਤਾਂ ਨੇ ਸਮਾਜ ਉਸਾਰੀ ਵਿੱਚ ਆਦਰਸ਼ ਭੂਮਿਕਾ ਨਿਭਾਈ ਹੈ। ਬੇਬੇ ਨਾਨਕੀ ਜੀ,ਮਾਤਾ ਖੀਵੀ ਜੀ,ਬੀਬੀ ਅਮਰੋ ਜੀ,ਬੀਬੀ ਭਾਨੀ ਜੀ,ਮਾਈ ਭਾਗੋ ਜੀ,ਮਾਤਾ ਗੁਜਰੀ ਜੀ,ਮਾਤਾ ਸੁੰਦਰੀ ਜੀ,ਮਾਤਾ ਸਾਹਿਬ ਕੌਰ ਜੀ ਅਤੇ ਅਨੇਕਾਂ ਹੋਰ ਸਿੱਖ ਔਰਤਾਂ ਸਿੱਖਾਂ ਲਈ ਪ੍ਰੇਰਨਾ ਦਾ ਸਰੋਤ ਹਨ। ਅਸਲ ਵਿੱਚ ਸਿੱਖ ਧਰਮ ਦੀ ਵਡਿਆਈ ਇਸ ਰਹੱਸ ਵਿੱਚ ਛੁਪੀ ਹੋਈ ਹੈ ਕਿ ਮਨੁੱਖ ਸ਼ਬਦ ਨੂੰ ਪੁਰਖ ਤੇ ਇਸਤਰੀ ਦੋਹਾਂ ਦਾ ਲਖਾਇਕ ਦਰਸਾਇਆ ਗਿਆ ਹੈ। ਸਿੱਖ ਗੁਰੂਆਂ ਨੇ ਮਰਦ ਅਤੇ ਇਸਤਰੀ ਵਿੱਚ ਕੋਈ ਭੇਦ ਭਾਵ ਨਹੀਂ ਦੇਖਿਆ। ਉਨਾਂ ਦੱਸਿਆ ਕਿ ਇਹ ਦੋ ਨਹੀਂ , ਅਸਲ ਚ ਇੱਕ ਹਨ ਤੇ ਮਨੁੱਖ ਦੀ ਅਦਭੁਤ ਰਚਨਾ ਦੇ ਦੋ ਰੁੱਖ ਹਨ ।ਸ੍ਰੀ ਗੁਰੂ ਰਾਮਦਾਸ ਜੀ ਨੇ ,
ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੀ ॥
ਆਖ ਕੇ ਨਾਰੀ ਪੁਰਖ ਦਾ ਫਰਕ ਹੀ ਮਿਟਾ ਦਿੱਤਾ।ਪਰ ਸਿਰਫ਼ ਨਾਰੀ ਦੇ ਸੁਚੇਤ ਹੋਣ ਨਾਲ ਸਾਡੀ ਸੋਚ ਵਿਚ ਪਰਿਵਰਤਨ ਨਹੀਂ ਹੋ ਸਕਦਾ।ਇਹ ਪਰਵਰਤਨ ਤਾਂ ਹੀ ਸੰਭਵ ਹੈ ਜੇ ਮਰਦ ਅਤੇ ਇਸਤਰੀ ਦੋਂਵੇ ਹਰ ਭੂਮਿਕਾ,ਰਿਸ਼ਤੇ ਅਤੇ ਖੇਤਰ ਵਿੱਚ ਇੱਕ ਦੂਜੇ ਨੂੰ ਬਰਾਬਰੀ ਦਾ ਦਰਜਾ ਦੇਣ।ਇਕ ਦੂਜੇ ਦਾ ਸਤਕਾਰ ਕਰਨ। ਇਕ ਦੂਜੇ ਦੇ ਬਹੁਪੱਖੀ ਵਿਕਾਸ ਚ ਮਦਦ ਕਰਨ । ਸਾਨੂੰ ਸਹਿਯੋਗ,ਕੁਰਬਾਨੀ ਅਤੇ ਸਹਿਹੋਂਦ ਦੀ ਸਿੱਖਿਆ ਸਿਰਫ ਧੀਆ ਨੂੰ ਹੀ ਨਹੀਂ ਸਗੋਂ ਪੁੱਤਰਾਂ ਨੂੰ ਵੀ ਦੇਣੀ ਬਣਦੀ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨਾਂ ਨੂੰ ਚੰਗੇ ਸੰਸਕਾਰ, ਸਕਾਰਾਤਮਕ ਸੋਚ ਦੇਈਏ।ਉਨਾਂ ਨੂੰ ਬਾਣੀ ਨਾਲ ਜੋੜੀਏ ਤਾਂ ਜੋ ਉਹ ਇਸ ਤੋਂ ਸੇਧ ਲੈ ਕੇ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਇੱਕ ਆਦਰਸ਼ ਮਾਨਵ ਵਾਲਾ ਜੀਵਨ ਜਿਉਣ। ਸੋ ਅੱਜ ਜਰੂਰਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਤੁਰਨ ਦੀ ।ਉਨਾਂ ਨੂੰ ਅਪਣਾਉਣ ਦੀ। ਔਰਤ ਦਾ ਸਤਕਾਰ ਕਰਨ ਦੀ ਤਾਂ ਹੀ ਅਸੀਂ ਗੁਰੂ ਨਾਨਕ ਦੇ ਅਸਲੀ ਤੇ ਸੱਚੇ ਪੈਰੋਕਾਰ ਅਖਵਾਉਣ ਦੇ ਹੱਕਦਾਰ ਹਾਂ ।
ਲੈਕਚਰਾਰ ਅਜੀਤ ਖੰਨਾ
ਮੋਬਾਈਲ:76967-54669
















