ਸੰਸਾਰ ਦੀ ਜਾਣਨੀ ਦਾ ਨਸ਼ੇ ਚ ਗਲਤਾਨ ਹੋਣਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਿਸ ਨੂੰ ਸਮੇਂ ਰਹਿੰਦਿਆਂ ਵਿਚਾਰੇ ਜਾਣ ਦੀ ਲੋੜ ਹੈ ।ਵਰਨਾ ਜਦੋ ਚਿੜੀਆਂ ਖੇਤ ਚੁਗ ਗਈ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਆਉ ਇਸ ਮਸਲੇ ਉੱਤੇ ਚਰਚਾ ਕਰਦੇ ਹੋਏ ਇਸਦਾ ਹੱਲ ਕੱਢੇ ਜਾਣ ਵੱਲ ਕਦਮ ਚੁੱਕਦੇ ਹੋਏ ਵਿਸ਼ੇਸ਼ ਉਪਰਾਲੇ ਕਰੀਏ।
ਨਸ਼ੇ ਦੀ ਲਪੇਟ ਚ ਨੌਜਵਾਨ ਮੁੰਡਿਆਂ ਦੇ ਨਾਲ ਨਾਲ ਕੁੜੀਆਂ/ ਔਰਤਾਂ ਵੀ ਸ਼ਾਮਲ ਹਨ ਜੋ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਇਕ ਰੇਡੀਉ ਤੇ ਪ੍ਰਸਾਰਿਤ ਰਿਪੋਰਟ ਮੁਤਾਬਕ ਪਿਛਲੇ 9ਮਹੀਨਿਆਂ ਚ ਜਲੰਧਰ ਦੇ ਡੀ ਐਡਿਕਸ਼ਨ ਕੇਂਦਰਾਂ ਚ 154 ਲੜਕੀਆਂ ਵੱਲੋਂ ਨਸ਼ਾ ਛੱਡਣ ਲਈ ਪਹੁੰਚ ਕੀਤੀ ਗਈ ਹੈ।ਹਾਲਾਂ ਕੇ ਇਸ ਵਿਚ 80 ਲੜਕੀਆਂ/ਔਰਤਾਂ ਬਾਹਰਲੇ ਮੁਲਕਾਂ ਤੋਂ ਆਈਆਂ ਹਨ।ਖੁਫੀਆ ਇਤਲਾਹਾਂ ਮੁਤਾਬਕ ਪੰਜਾਬ ਚ ਹੀ ਨਹੀਂ ਸਗੋਂ ਪੂਰੇ ਦੇਸ਼ ਚ ਔਰਤਾਂ ਵੱਲੋਂ ਨਸ਼ਾ ਕੀਤੇ ਜਾਣ ਦੇ ਵੱਡੇ ਅੰਕੜੇ ਸਾਹਮਣੇ ਆਏ ਹਨ ਜੋ ਹੈਰਾਨ ਕਰ ਦੇਣ ਵਾਲੇ ਹਨ। ਸਾਨੂੰ ਸਭ ਨੂੰ ਮਿਲ ਕੇ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਚਰਚਾ ਕਰਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਤੇ ਇਸ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਅਸੀ ਜੱਗ ਦੀ ਜਣਨੀ ਨੂੰ ਨਸ਼ੇ ਦੀ ਭੈੜੀ ਅਲਾਹਮਤ ਤੋਂ ਬਚਾਅ ਸਕੀਏ। ਸਰਕਾਰਾਂ ਨੂੰ ਇਸ ਪਾਸੇ ਠੋਸ ਯਤਨ ਕਰਨ ਦੀ ਜ਼ਰੂਰਤ ਹੈ। ਉਧਰ ਦੂਜੇ ਪਾਸੇ ਜੇ ਅਸੀ ਇਤਿਹਾਸ ਉੱਤੇ ਝਾਤੀ ਮਾਰੀਏ ਤਾਂ ਇਤਿਹਾਸ ਗਵਾਹ ਹੈ ਕਿ ਰਾਣੀ ਝਾਂਸੀ ਵਰਗਿਆਂ ਅਨੇਕਾਂ ਔਰਤਾਂ ਨੇ ਦੇਸ਼ ਦੀ ਅਜਾਦੀ ਲਈ ਵੱਡੀ ਲੜ੍ਹਾਈ ਲੜੀ। ਇਸੇ ਤਰਾਂ ਸਿੱਖ ਇਤਿਹਾਸ ਵਿੱਚ ਵੀ ਸਿੱਖ ਔਰਤਾਂ ਦੀ ਜੰਗਾਂ ਚ ਅਹਿਮ ਭੂਮਿਕਾ ਰਹੀ ਹੈ।ਪਰ ਬਦਕਿਸਮਤੀ ਨੂੰ ਅੱਜ ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀਆਂ ਦੇ ਹੋਸਟਲਾਂ ਚ ਹੀ ਨਹੀਂ ਸਗੋਂ ਖੁੱਲ੍ਹੇਆਮ ਕੁੜੀਆਂ ਵੱਲੋਂ ਨਸ਼ਾ ਕਰਨ ਦੀਆਂ ਘਟਨਾਵਾਂ ਆਮ ਵੇਖਣ ਸੁਣਨ ਨੂੰ ਸੋਸ਼ਲ ਮੀਡੀਆ ਜਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਵੇਖੀਆਂ ਜਾ ਸਕਦੀਆਂ ਹਨ। ਜੋ ਸਾਡੇ ਸਮਾਜਕ ਵਰਤਾਰੇ ਦਾ ਇੱਕ ਉਹ ਮਾੜਾ ਬਿਰਤਾਂਤ ਹੈ ਜੋ ਸਾਡੇ ਪੁਰਖਿਆਂ ਲਈ ਸ਼ਰਮ ਵਾਲੀ ਗੱਲ ਆਖਿਆ ਜਾ ਸਕਦਾ ਹੈ।ਉਹ ਪੰਜਾਬ ਜਿੱਥੋਂ ਦੀਆਂ ਧੀਆਂ ਭੈਣਾਂ ਸ਼ਰਮ ਹਯਾ ਰੱਖਣ ਦੇ ਮਾਮਲੇ ਚ ਪੂਰੀ ਦੁਨੀਆਂ ਚ ਜਾਣੀਆਂ ਜਾਂਦੀਆਂ ਸਨ।ਅੱਜ ਖੁਦ ਨਸ਼ੇ ਚ ਗਲਤਾਨ ਹੋ ਕੇ ਆਪਣੇ ਸਭਿਆਚਾਰ ਨੂੰ ਵਿਸਾਰਦੀਆਂ ਨਜ਼ਰ ਆਉਂਦੀਆਂ ਹੈ।
ਅੱਜ ਲੋੜ ਹੈ ਨਾਰੀ ਜਾਤੀ ਖ਼ੁਦ ਨਸ਼ੇ ਦੇ ਕੋਹੜ ਨੂੰ ਅਲਵਿਦਾ ਕਹੇ। ਨਸ਼ੇ ਖਿਲਾਫ ਮਜ਼ਬੂਤ ਧਿਰ ਬਣ ਕੇ ਉਭਰੇ ਤਾਂ ਹੀ ਨਸ਼ੇ ਨਾਲ ਉਜੜਨ ਵਾਲੇ ਘਰਾਂ ਨੂੰ ਬਚਾਇਆ ਜਾ ਸਕਦਾ ਹੈ। ਪਰ ਬਦਕਿਸਮਤੀ ਇਹ ਹੈ ਕਿ ਨਸ਼ੇ ਨੂੰ ਜੜੋਂ ਪੁੱਟਣ ਦੀ ਥਾਂ ਸਤ੍ਹਾ ਧਿਰ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਸਿਵਾਏ ਸਿਆਸਤ ਕਰਨ ਤੋਂ ਬਗੈਰ ਹੋਰ ਕੁਝ ਨਹੀਂ ਕਰਦੀਆਂ। ਸੋ ਅੱਜ ਲੋੜ ਹੈ ਰਲ ਮਿਲ ਨਸ਼ੇ ਦੇ ਰੁਝਾਨ ਨੂੰ ਮਕੰਮਲ ਠੱਲ੍ਹ ਪਾਉਣ ਦੀ ਤਾਂ ਜੋ ਇਕ ਵਾਰ ਮੁੜ ਨਰੋਆ ਤੋ ਰੰਗਲਾ ਪੰਜਾਬ ਸਿਰਜਿਆ ਜਾ ਸਕੇ
—-
ਅਜੀਤ ਖੰਨਾ
( ਲੈਕਚਰਾਰ)
ਮੋਬਾਇਲਃ76967-54669















