ਸੋਹਾਣਾ ਦੇ ਛਿੰਝ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਮਿਰਜਾ ਇਰਾਨ ਨੇ ਭੁਪਿੰਦਰ ਅਜਨਾਲਾ ਨੂੰ ਅੰਕਾਂ ਦੇ ਅਧਾਰ ਤੇ ਹਰਾਇਆ
ਜੌਂਟੀ ਗੁੱਜਰ ਨੇ ਨਿਸ਼ਾਂਤ ਹਰਿਆਣਾ ਨੂੰ ਕੀਤਾ ਚਿੱਤ
ਮੋਹਾਲੀ 6 ਨਵੰਬਰ ,ਬੋਲੇ ਪੰਜਾਬ ਬਿਊਰੋ;
ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਮਿਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ 33ਵਾਂ ਵਿਸ਼ਾਲ ਕੁਸ਼ਤੀ ਦੰਗਲ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਬ੍ਰਹਮਲੀਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਪ੍ਰਧਾਨ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਇੱਕ ਨੰਬਰ ਝੰਡੀ ਦੀ ਪਹਿਲੀ ਕੁਸ਼ਤੀ ਮਿਰਜਾ ਇਰਾਨ ਅਤੇ ਭੂਪਿੰਦਰ ਅਜਨਾਲਾ ਵਿਚਕਾਰ ਜਬਰਦਸਤ ਮੁਕਾਬਲੇ ਦੌਰਾਨ ਹੋਈ,

ਕੋਈ ਨਤੀਜਾ ਸਾਹਮਣੇ ਨਾ ਆਉਂਦਾ ਦੇਖ ਪ੍ਰਬੰਧਕਾਂ ਵਲੋਂ ਅੰਕਾਂ ਦੇ ਅਧਾਰ ਤੇ ਕੁਸ਼ਤੀ ਕਰਵਾਈ ਗਈ, ਜਿਸ ਵਿੱਚ ਮਿਰਜਾ ਇਰਾਨ ਨੇ ਪਹਿਲਾਂ ਅੰਕ ਬਣਾ ਕੇ ਝੰਡੀ ਦੀ ਕੁਸ਼ਤੀ ਜਿੱਤ ਲਈ। ਦੂਜੀ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਅਤੇ ਜਲਾਲ ਈਰਾਨ ਦਰਮਿਆਨ ਜਬਰਦਸਤ ਮੁਕਾਬਲਾ ਹੋਇਆ, ਦੋਨਾਂ ਦਰਮਿਆਨ 20 ਮਿੰਟ ਮੁਕਾਬਲਾ ਚੱਲਿਆ, ਇਸ ਉਪਰੰਤ 5 ਮਿੰਟ ਦਾ ਸਮਾਂ ਪੁਆਇੰਟਾਂ ਦੇ ਅਧਾਰ ਤੇ ਕੁਸ਼ਤੀ ਕਰਵਾਉਣ ਦਾ ਹੋਇਆ, ਅੰਕਾਂ ਤੇ ਕੋਈ ਨਤੀਜਾ ਸਾਹਣੇ ਨਾ ਆਇਆ, ਅਖੀਰ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਵਿੱਚ ਟਾਸ ਪਾਉਣਾ ਤਹਿ ਕੀਤਾ, ਜਿਸ ਵਿੱਚ ਜਲਾਲ ਈਰਾਨ ਨੇ ਟਾਸ ਜਿੱਤ ਕੇ ਝੰਡੀ ਦੀ ਕੁਸ਼ਤੀ ਤੇ ਕਬਜਾ ਕਰ ਲਿਆ। ਤੀਜੀ ਝੰਡੀ ਦੀ ਕੁਸ਼ਤੀ ਨਿਸ਼ਾਂਤ ਹਰਿਆਣਾ ਅਤੇ ਜੌਂਟੀ ਗੁੱਜਰ ਦਿੱਲੀ ਵਿਚਕਾਰ ਹੋਈ, ਕੁਝ ਮਿੰਟਾਂ ਦੌਰਾਨ ਹੀ ਜੌਂਟੀ ਗੁੱਜਰ ਨੇ ਝੰਡੀ ਦੀ ਕੁਸ਼ਤੀ ਜਿੱਤ ਲਈ।
ਹੋਰ ਮੁਕਾਬਲਿਆਂ ਦੌਰਾਨ ਪਿੰ੍ਰਸ ਬਾਬਾ ਫਲਾਹੀ ਨੇ ਮੱਖਣ ਚੰਡੀਗੜ੍ਹ ਨੂੰ, ਹਰਸ਼ ਬਾਬਾ ਫਲਾਹੀ ਨੇ ਗਗਨ ਸੋਹਾਣਾ ਨੂੰ, ਬਾਜ ਰੌਣੀ ਨੇ ਹਿਮਾਂਸ਼ੂ ਝੱਜਰ ਨੂੰ, ਸੁਨੀਲ ਜ਼ੀਰਕਪੁਰ ਨੇ ਅਜੇ ਦੋਰਾਹਾ ਨੂੰ, ਕਪਿਲ ਪਟਿਆਲਾ ਨੇ ਛੋਟਾ ਗੌਰਵ ਨੂੰ, ਅਮਨੀ ਧਗੇੜਾ ਨੇ ਅਭਿਸ਼ੇਕ ਤੋਗਾ ਨੂੰ ਕ੍ਰਮਵਾਰ ਚਿੱਤ ਕਰਕੇ ਜੇਤੂ ਰਹੇ।
ਇਸ ਕੁਸ਼ਤੀ ਦੰਗਲ ਵਿੱਚ 300 ਤੋਂ ਵੱਧ ਉੱਘੇ ਅਤੇ ਨਾਮੀ ਪਹਿਲਾਵਾਨਾਂ ਨੇ ਹਿੱਸਾ ਲਿਆ, ਕੁਸ਼ਤੀ ਦੰਗਲ ਵਿੱਚ 135 ਕੁਸ਼ਤੀਆਂ ਕਰਵਾਈਆਂ ਗਈਆਂ। ਦਰਸ਼ਕਾਂ ਦੇ ਠਾਠਾ ਮਾਰਦੇ ਇੱਕਠ ਵਿੱਚ ਰੈਫਰੀ ਦੀ ਸੇਵਾ ਸੰਤ ਸਿੰਘ ਮਾਮੂਪੁਰ, ਤਿੱਤਰ ਸੋਹਾਣਾ ਅਤੇ ਲੈਂਬਰ ਪਹਿਲਵਾਨ ਨੇ ਬਾਖੂਬੀ ਨਿਭਾਈ। ਇਸ ਮੌਕੇ ਦੀਪਾ ਬਾਬਾ ਫਲਾਹੀ ਨੂੰ ਐਡ: ਗਗਨਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੱੁਖ ਮਹਿਮਾਨ ਪਰਵਿੰਦਰ ਸਿੰਘ ਸੋਹਾਣਾ ਹਲਕਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਹਰਜਿੰਦਰ ਸਿੰਘ ਤੇ ਸਤਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਸੁਭਾਸ਼ ਸ਼ਰਮਾ ਸਾਬਕਾ ਸਬ ਇੰਸਪੈਕਟਰ, ਹਰਜੀਤ ਸਿੰਘ ਭੋਲੂ ਕੌਂਸਲਰ, ਦੀਪਾ ਬਾਬਾ ਫਲਾਹੀ, ਦਵਿੰਦਰ ਸਿੰਘ ਬੌਬੀ, ਸੁਰਿੰਦਰ ਸਿੰਘ ਰੋਡਾ ਐਮ. ਸੀ., ਮਹਿੰਦਰ ਸਿੰਘ ਸੋਹਾਣਾ ਖੇਡ ਪ੍ਰਮੋਟਰ, ਐਡਵੋਕੇਟ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਕਾਲਾ ਸਾਬਕਾ ਚੇਅਰਮੈਨ, ਬਿੰਦਾ ਧਨਾਂਸ, ਹਰਵਿੰਦਰ ਸਿੰਘ ਨੰਬਰਦਾਰ, ਬੂਟਾ ਸਿੰਘ ਸੀਨੀ: ਕਾਂਗਰਸੀ ਆਗੂ, ਸੁਰਿੰਦਰ ਸਿੰਘ ਰੋਡਾ, ਗੁਰਦੀਪ ਸਿੰਘ, ਅਜੇ ਪਾਠਕ ਆਦਿ ਤੋਂ ਇਲਾਵਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਨਗਰ ਨਿਵਾਸੀਆਂ ਨੇ ਆਪਣੀ ਅਣਥੱਕ ਮਿਹਨਤ ਨਾਲ ਨੇਪਰੇ ਚਾੜਿਆ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਜੀ ਅਤੇ ਸ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਦੇਸ਼ ਕੌਮ ਅਤੇ ਧਰਮ ਬਚਾਉਣ ਖਾਤਰ ਅੰਗਰੇਜ਼ਾਂ ਨਾਲ ਕੀਤੀ ਜੰਗ ਵਿੱਚ ਹਜ਼ਾਰਾਂ ਸਿੰਘਾਂ ਸਮੇਤ ਇਸ ਅਸਥਾਨ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਕੁਸ਼ਤੀ ਦੰਗਲ ਕਰਾਉਣ ਦਾ ਮੱਂਖ ਮੰਤਵ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣਾ ਹੈ ਤਾਂ ਜੋ ਉਹ ਚੰਗੇ ਉਸਾਰੂ ਕੰਮ ਕਰ ਕੇ ਦੇਸ਼ ਦੀ ਉਨਤੀ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ ।
ਫੋਟੋ ਈਮੇਲ ਤੋ ਫੋਟੋ ਕੈਪਸ਼ਨ : ਸੋਹਾਣਾ ਦੇ ਛਿੰਝ ਮੇਲੇ ਦੌਰਾਨ ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਮੁੱਖ ਮਹਿਮਾਨ ਪਰਵਿੰਦਰ ਸਿੰਘ ਸੋਹਾਣਾ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਹੋਰ ਪ੍ਰਬੰਧਕ।















