ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ।
ਚੰਡੀਗੜ੍ਹ 9 ਨਵੰਬਰ ,ਬੋਲੇ ਪੰਜਾਬ ਬਿਊਰੋ;
ਪਰ ਵਿਦਿਆਰਥੀਆਂ ,ਕਿਸਾਨ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ’ਚ ਵੱਡਾ ਇੱਕਠ ਰੱਖਿਆ ਗਿਆ ਹੈ। ਇਸ ਦੇ ਮੱਦੇਨਜ਼ਰ ਯੂਨੀਵਰਸਿਟੀ ਨੇ 10 ਅਤੇ 11 ਨਵੰਬਰ 2025 ਨੂੰ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ।
ਯੂਨੀਵਰਸਿਟੀ ਦੇ ਡੀਨ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਥਿਤ ਸਾਰੇ ਅਧਿਆਪਨ ਵਿਭਾਗਾਂ/ਕੇਂਦਰਾਂ/ਸੰਸਥਾਵਾਂ ਦੇ ਚੇਅਰਪਰਸਨਾਂ/ਡਾਇਰੈਕਟਰਾਂ/ਕੋਆਰਡੀਨੇਟਰਾਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 31 ਅਕਤੂਬਰ 2025 ਦੇ ਸਰਕੂਲਰ ਨੰਬਰ 11227/DUI/DS ਨੂੰ ਵਾਪਸ ਲੈ ਲਿਆ ਗਿਆ ਹੈ।ਹਦਾਇਤਾਂ ਅਨੁਸਾਰ ਪਹਿਲਾਂ 22 ਦਸੰਬਰ 2025 ਅਤੇ 27 ਜਨਵਰੀ 2026 ਨੂੰ ਐਲਾਨੀਆਂ ਗਈਆਂ ਛੁੱਟੀਆਂ ਨੂੰ ਹੁਣ 10 ਅਤੇ 11 ਨਵੰਬਰ, 2025 ਨੂੰ ਛੁੱਟੀਆਂ ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਹ ਸਰਕੂਲਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸਥਿਤ ਸਾਰੇ ਪ੍ਰਬੰਧਕੀ ਦਫ਼ਤਰਾਂ ‘ਤੇ ਵੀ ਲਾਗੂ ਹੈ।
ਸੈਨੇਟ ਚੋਣਾਂ ਜਲਦੀ ਹੀ ਕਰਵਾਈਆਂ ਜਾਣਗੀਆਂ : ਵਾਈਸ ਚਾਂਸਲਰ
ਪੰਜਾਬ ਯੂਨੀਵਰਸਿਟੀ (ਪੀਯੂ) ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਅੱਜ ਕਿਹਾ ਕਿ ਪੀਯੂ ਨੇ 7 ਨਵੰਬਰ 2025 ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਸੈਨੇਟ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸੈਨੇਟ ਚੋਣਾਂ ਕਰਵਾਉਣ ਲਈ ਕਾਨੂੰਨ ਅਤੇ ਨਿਯਮ ਹਨ।
ਪੀਯੂ ਕੈਲੰਡਰ ਦੇ ਅਨੁਸਾਰ ਯੂਨੀਵਰਸਿਟੀ ਪਹਿਲਾਂ ਮਾਨਯੋਗ ਚਾਂਸਲਰ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਦੇ ਦਫ਼ਤਰ ਨੂੰ ਚੋਣਾਂ ਲਈ ਪ੍ਰਵਾਨਗੀ ਲੈਣ ਲਈ ਲਿਖੇਗੀ। ਫਿਰ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸੈਨੇਟ ਚੋਣਾਂ ਜਲਦੀ ਹੀ ਕਰਵਾਈਆਂ ਜਾਣਗੀਆਂ। ਮਾਨਯੋਗ ਚਾਂਸਲਰ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਨਿਰਧਾਰਤ ਪ੍ਰਕਿਰਿਆ ਅਨੁਸਾਰ ਚੋਣ ਸ਼ਡਿਊਲ ਦਾ ਐਲਾਨ ਕੀਤਾ ਜਾਵੇਗਾ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਅਧਿਕਾਰ ਦਾ ਸਤਿਕਾਰ ਕਰਦਾ ਹੈ ਪਰ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਖਤਮ ਕਰਨ ਦੀ ਅਪੀਲ ਕੀਤੀ ਤਾਂ ਜੋ ਅਕਾਦਮਿਕ ਅਤੇ ਪ੍ਰਬੰਧਕੀ ਗਤੀਵਿਧੀਆਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿ ਸਕਣ।












