ਬਰਨਾਲਾ, 13 ਨਵੰਬਰ,ਬੋਲੇ ਪੰਜਾਬ ਬਿਊਰੋ;
ਬਰਨਾਲਾ ਸਿਵਲ ਹਸਪਤਾਲ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੀ ਤੀਜੀ ਮੰਜ਼ਿਲ ’ਤੇ ਇੱਕ ਅਣਪਛਾਤੇ ਨੌਜਵਾਨ ਦੀ ਸੜੀ-ਗਲੀ ਲਾਸ਼ ਮਿਲੀ। ਕਈ ਦਿਨਾਂ ਤੋਂ ਹਸਪਤਾਲ ਵਿੱਚ ਫੈਲੀ ਤੇਜ਼ ਬਦਬੂ ਨੇ ਸਟਾਫ ਨੂੰ ਹੈਰਾਨ ਕਰ ਰੱਖਿਆ ਸੀ। ਆਖ਼ਿਰ ਜਦੋਂ ਸਟਾਫ ਨੇ ਬਦਬੂ ਦੇ ਸਰੋਤ ਦੀ ਜਾਂਚ ਕੀਤੀ, ਤਾਂ ਇਹ ਖੌਫਨਾਕ ਸੱਚਾਈ ਸਾਹਮਣੇ ਆਈ।
ਸੂਚਨਾ ਮਿਲਣ ’ਤੇ ਥਾਣਾ ਸਿਟੀ ਇੱਕ ਦੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਭੇਜ ਦਿੱਤਾ ਹੈ।
ਸ਼ੁਰੂਆਤੀ ਜਾਂਚ ਦੇ ਅਧਾਰ ’ਤੇ ਪੁਲਿਸ ਦਾ ਮੰਨਣਾ ਹੈ ਕਿ ਨੌਜਵਾਨ ਦੀ ਮੌਤ ਕਈ ਦਿਨ ਪਹਿਲਾਂ ਹੋਈ ਹੋਵੇਗੀ, ਕਿਉਂਕਿ ਲਾਸ਼ ਪੂਰੀ ਤਰ੍ਹਾਂ ਖਰਾਬ ਹਾਲਤ ਵਿਚ ਮਿਲੀ ਹੈ।
ਇਸ ਸਮੇਂ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਨੌਜਵਾਨ ਹਸਪਤਾਲ ਵਿੱਚ ਕਿਵੇਂ ਦਾਖਲ ਹੋਇਆ ਤੇ ਉਸ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ।












