ਪਟਿਆਲਾ, 14 ਨਵੰਬਰ ,ਬੋਲੇ ਪੰਜਾਬ ਬਿਊਰੋ;
ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਦੀ ਡਾਇਰੈਕਟਰ ਕਿਰਨ ਸ਼ਰਮਾ (ਪੀ.ਸੀ.ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ ਦੀ ਯੋਗ ਅਗਵਾਈ ਹੇਠ 12 ਤੋਂ 14 ਨਵੰਬਰ 2025 ਤੱਕ ਫਿਜ਼ਿਕਸ ਵਿਸ਼ੇ ਦੇ ਲੈਕਚਰਾਰਾਂ ਲਈ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਟ੍ਰੇਨਿੰਗ ਦੌਰਾਨ ਰਾਜ ਪੱਧਰ ‘ਤੇ ਪ੍ਰਸ਼ਿਕਸ਼ਿਤ ਰਿਸੋਰਸ ਪਰਸਨਾਂ ਅਤੇ ਪ੍ਰਿੰਸੀਪਲ ਮੈਂਟਰਾਂ ਵੱਲੋਂ ਜ਼ਿਲ੍ਹੇ ਦੇ ਫਿਜ਼ਿਕਸ ਲੈਕਚਰਾਰਾਂ ਨੂੰ ਗਤੀਵਿਧੀਆਂ ਰਾਹੀਂ ਵਿਸ਼ਾ ਸਮਝ ਬਾਰੇ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ 11ਵੀਂ ਅਤੇ 12ਵੀਂ ਜਮਾਤ ਦੇ ਪ੍ਰੈਕਟਿਕਲ ਸਬੰਧੀ ਤਕਨੀਕੀ ਸਿਖਲਾਈ ਵੀ ਪ੍ਰਦਾਨ ਕੀਤੀ ਗਈ।
ਵਰਕਸ਼ਾਪ ਦੇ ਪਹਿਲੇ ਦਿਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਟੇਟ ਐਵਾਰਡੀ ਡਾ. ਰਵਿੰਦਰਪਾਲ ਸਿੰਘ ਸ਼ਰਮਾ ਨੇ ਵਿਸ਼ੇਸ਼ ਹਾਜ਼ਰੀ ਭਰਦਿਆਂ ਪ੍ਰੈਕਟਿਕਲ ਸਿਖਲਾਈ ਦੀ ਲੋੜ ਅਤੇ ਮਹੱਤਤਾ ਬਾਰੇ ਪ੍ਰੇਰਕ ਸ਼ਬਦ ਸਾਂਝੇ ਕੀਤੇ। ਜ਼ਿਲ੍ਹਾ ਮੈਂਟਰ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਨੇ ਤਿੰਨ ਰੋਜ਼ਾ ਟ੍ਰੇਨਿੰਗ ਦੇ ਸਮੁੱਚੇ ਖਾਕੇ ਅਤੇ ਵੱਖ-ਵੱਖ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ।
ਸਟੇਟ ਰਿਸੋਰਸ ਪਰਸਨ ਡਾ. ਦਿਨੇਸ਼ ਕੁਮਾਰ ਨੇ ਅਧਿਆਪਕ ਰਿਸੋਰਸ ਮਾਡਿਊਲ ਅਤੇ ਸਤਤ ਵਿਸ਼ੇਸ਼ਗਤਾ ਵਿਕਾਸ ਪ੍ਰੋਗਰਾਮ (ਕੰਪੀਟੈਂਸੀ ਐਨਹੈਂਸਮੈਂਟ ਪ੍ਰੋਗਰਾਮ) ਦੇ ਮਹੱਤਵ ‘ਤੇ ਚਰਚਾ ਕੀਤੀ। ਦੂਜੇ ਦਿਨ ਲੈਕਚਰਾਰਾਂ ਵੱਲੋਂ 12ਵੀਂ ਜਮਾਤ ਦੇ ਪ੍ਰੈਕਟਿਕਲ ਕਰਵਾਏ ਗਏ, ਜਦਕਿ ਤੀਜੇ ਦਿਨ 11ਵੀਂ ਜਮਾਤ ਦੇ ਪ੍ਰੈਕਟਿਕਲ ਦੀ ਪ੍ਰਕਿਰਿਆ ਪੂਰੀ ਕੀਤੀ ਗਈ।
ਰੀਸੋਰਸ ਪਰਸਨ ਦੌਲਤ ਰਾਮ, ਲੈਕਚਰਾਰ ਫਿਜ਼ਿਕਸ ਨੇ ‘ਮੀਟਰ ਬ੍ਰਿਜ’ ਅਤੇ ‘ਕਰਨਟ ਵਾਹਕ ਤਾਰ ‘ਤੇ ਕਾਰਜ ਕਰਦੇ ਟੋਰਕ’ ਬਾਰੇ ਵਿਸਥਾਰਪੂਰਵਕ ਲੈਕਚਰ ਦਿੱਤਾ। ਅਮਰਦੀਪ ਸਿੰਘ ਨੇ ਪ੍ਰੈਕਟਿਕਲ ਦੀ ਅਹਿਮੀਅਤ ਉਜਾਗਰ ਕੀਤੀ, ਜਦਕਿ ਡਾ. ਜਸਵਿੰਦਰ ਸਿੰਘ (ਨੈਸ਼ਨਲ ਐਵਾਰਡੀ ਅਧਿਆਪਕ) ਨੇ ਬਾਲ ਮਨੋਵਿਗਿਆਨ ਸਬੰਧੀ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ।
ਤਿੰਨ ਦਿਨਾਂ ਦੇ ਸੈਸ਼ਨਾਂ ਦੌਰਾਨ ਰੀਸੋਰਸ ਪਰਸਨਾਂ ਨੇ ਆਪਣੀਆਂ ਤਿਆਰ ਕੀਤੀਆਂ ਗਤੀਵਿਧੀਆਂ ਰਾਹੀਂ ਫਿਜ਼ਿਕਸ ਦੇ ਸੰਕਲਪਾਂ ਨੂੰ ਸੌਖੇ ਅਤੇ ਰੁਚਿਕਾਰ ਢੰਗ ਨਾਲ ਸਮਝਾਉਂਦਿਆਂ ਲੈਕਚਰਾਰਾਂ ਦੀ ਪ੍ਰਯੋਗਿਕ ਅਤੇ ਅਕਾਦਮਿਕ ਸਮਝ ਨੂੰ ਹੋਰ ਮਜ਼ਬੂਤ ਕੀਤਾ।
ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਸਾਰੇ ਫਿਜ਼ਿਕਸ ਲੈਕਚਰਾਰਾਂ ਨੇ ਗਹਿਰਾਈ ਨਾਲ ਭਾਗ ਲੈਂਦਿਆਂ ਸਿਖਲਾਈ ਨੂੰ ਸਫਲ ਬਣਾਇਆ।












