ਚੰਡੀਗੜ੍ਹ 16 ਨਵੰਬਰ ,ਬੋਲੇ ਪੰਜਾਬੀ ਬਿਊਰੋ;
ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਇੱਕ ਮਾਣਮੱਤੇ ਨਾਂਅ ਵਜੋਂ ਜਾਣੇ ਜਾਂਦੇ ਰਹੇ ਹਨ ਗੀਤਕਾਰ ਨਿੰਮਾ ਲੋਹਾਰਕਾ, ਜੋ ਬੀਤੀ ਸ਼ਾਮ ਅਪਣੇ ਚਾਹੁੰਣ ਵਾਲਿਆਂ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ, ਜਿੰਨ੍ਹਾਂ ਦੇ ਬੇਸ਼ੁਮਾਰ ਹਿੱਟ ਗਾਣਿਆਂ ਦੀ ਯਾਦ ਲੋਕਮਨਾਂ ‘ਚ ਹਮੇਸ਼ਾ ਤਾਜ਼ਾ ਰਹੇਗੀ। ਰਿਪੋਰਟਾਂ ਅਨੁਸਾਰ ਗੀਤਕਾਰ ਕਾਫੀ ਦਿਨਾਂ ਤੋਂ ਬਿਮਾਰ ਸਨ, ਹਾਲਾਂਕਿ ਉਨ੍ਹਾਂ ਦੀ ਮੌਤ ਦਾ ਸਪੱਸ਼ਟ ਕਾਰਨ ਹਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਪੰਜਾਬ ਅਤੇ ਪੰਜਾਬੀਅਤ ਦੇ ਰੁਤਬੇ ਨੂੰ ਦੁਨੀਆ ਭਰ ਵਿੱਚ ਬੁਲੰਦ ਕਰਨ ਵਾਲੇ ਇਸ ਅਜ਼ੀਮ ਗੀਤਕਾਰ ਦਾ ਅਚਾਨਕ ਚਲੇ ਜਾਣਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਹੋਰ ਅਜਿਹਾ ਗਹਿਰਾ ਸਦਮਾ ਦੇ ਗਿਆ ਹੈ, ਜਿਸ ਦੇ ਜਖ਼ਮ ਕਦੇ ਭਰੇ ਨਹੀਂ ਜਾ ਸਕਣਗੇ।
ਨਿੱਕੇ ਜਿਹੇ ਪਿੰਡ ਅਤੇ ਗਰੀਬ ਪਰਿਵਾਰ ਵਿੱਚੋਂ ਉੱਠ ਸੱਤ ਸੁਮੰਦਰ ਪਾਰ ਤੱਕ ਅਪਣੀ ਗੀਤਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ ਇਹ ਪ੍ਰਤਿਭਾਵਾਨ ਗੀਤਕਾਰ, ਜਿੰਨ੍ਹਾਂ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸਿੱਧ ਗੀਤਕਾਰ ਪ੍ਰੀਤ ਸੰਘਹੇੜੀ ਨੇ ਕਿਹਾ ਪਤਾ ਨਹੀਂ ਕਿੰਨੀਆਂ ਸੋਚਾਂ, ਕਿੰਨੇ ਖਿਆਲ ਆਪਣੇ ਨਾਲ ਹੀ ਲੈ ਗਿਆ ਇਹ ਹੋਣਹਾਰ ਸ਼ਖਸ਼, ਜਿਸ ਦੇ ਲਿਖੇ ਹਰ ਗੀਤ ਨੇ ਸਰੋਤਿਆਂ ਦੇ ਮਨਾਂ ਨੂੰ ਝਕਝੋਰਿਆ ਹੈ।
ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਅਧੀਨ ਪੈਂਦੇ ਲੋਹਾਰਕਾ ਵਿਖੇ ਪੈਦਾ ਹੋਇਆ ਹੈ ਨਿੰਮਾ, ਜਿੰਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਜਗਦੇਵ ਕਲਾਂ ਦੇ ਸਰਕਾਰੀ ਸਕੂਲ ਤੋਂ ਪੂਰੀ ਕੀਤੀ, ਜੋ ਬਚਪਨ ਸਮੇਂ ਤੋਂ ਹੀ ਕਲਾ ਅਤੇ ਸੰਗੀਤ ਵਾਲੇ ਪਾਸੇ ਝੁਕਾਅ ਰੱਖਣ ਲੱਗ ਪਏ ਸਨ।
ਸੰਨ 1994 ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹਿੱਸਾ ਬਣੇ ਇਸ ਬਾਕਮਾਲ ਗੀਤਕਾਰ ਨੇ 500 ਤੋਂ ਵੱਧ ਗੀਤ ਲਿਖਣ ਦਾ ਮਾਣ ਅਪਣੀ ਝੋਲੀ ਪਾਇਆ, ਜਿੰਨ੍ਹਾਂ ਦੁਆਰਾ ਲਿਖੇ ਅਤੇ ਅਮਰਿੰਦਰ ਗਿੱਲ ਵੱਲੋਂ ਗਾਏ ‘ਮੇਰਾ ਕੀ ਹਾਲ ਮੇਰੀ ਮਾਂ ਨੂੰ ਨਾ ਦੱਸਿਓ’, ‘ਕੀ ਸਮਝਾਈਏ ਇੰਨਾਂ ਨੈਣ ਕਮਲਿਆਂ ਨੂੰ’ ਅਤੇ ਨਛੱਤਰ ਗਿੱਲ ਦੇ ਗਾਇਨਬੱਧ ਕੀਤੇ ਗਾਣੇ ‘ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ’ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰ ਚੁੱਕੇ ਹਨ।












